ਅਹੁਦਾ ਸਕਿਉਰਿਟੀ ਗਾਰਡ ਦਾ ਤੇ ਕੰਮ ਟੈਕਨੀਸ਼ੀਅਨ ਵਾਲੇ ! CTU ਨੂੰ ਨੌਜਵਾਨ ਨੇ ਇੰਝ ਲਾਇਆ 50 ਲੱਖ ਦਾ ਚੂਨਾ

Sunday, Oct 27, 2024 - 09:31 PM (IST)

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ.ਟੀ.ਯੂ.) ’ਚ ਵੱਡੇ ਗ਼ਬਨ ਦਾ ਮਾਮਲਾ ਸਾਹਮਣੇ ਆਇਆ ਹੈ। ਟੈਗ ਰੀਚਾਰਜ ਕਰਨ ਦੇ ਨਾਂ ’ਤੇ ਕੰਡਕਟਰ ਤੇ ਸੁਰੱਖਿਆ ਗਾਰਡ ਨੇ 49.59 ਲੱਖ ਰੁਪਏ ਹੜੱਪ ਲਏ, ਜਿਸ ਦੀ ਭਿਣਕ ਸੀ.ਟੀ.ਯੂ. ਦੇ ਸਹਾਇਕ ਕੰਟਰੋਲਰ ਨੂੰ ਲੱਗੀ। ਉਨ੍ਹਾਂ ਮਾਮਲੇ ਦੀ ਵਿਭਾਗੀ ਜਾਂਚ ਕਰਵਾਈ ਤਾਂ ਗ਼ਬਨ ਦਾ ਪਤਾ ਲੱਗਾ। ਉਨ੍ਹਾਂ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। 

ਸੈਕਟਰ-17 ਥਾਣਾ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਸਹਾਇਕ ਕੰਟਰੋਲਰ ਸੰਦੀਪ ਸ਼ਰਮਾ ਦੀ ਸ਼ਿਕਾਇਤ ’ਤੇ ਸੈਕਟਰ-17 ਬੱਸ ਸਟੈਂਡ ’ਤੇ ਤਾਇਨਾਤ ਕੰਡਕਟਰ ਜਸਵਿੰਦਰ ਸਿੰਘ, ਸੁਰੱਖਿਆ ਗਾਰਡ ਤੇ ਟੈਕਨੀਸ਼ੀਅਨ ਰਾਹੁਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਸੈਕਟਰ-17 ਥਾਣਾ ਪੁਲਸ ਨੇ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਪਰ ਦੋਵੇਂ ਮੁਲਜ਼ਮ ਫਰਾਰ ਹੋ ਗਏ।

ਸੀ.ਟੀ.ਯੂ. ਦੇ ਸਹਾਇਕ ਕੰਟਰੋਲਰ ਸੰਦੀਪ ਸ਼ਰਮਾ ਨੇ ਸ਼ਿਕਾਇਤ ’ਚ ਦੱਸਿਆ ਕਿ ਸੁਰੱਖਿਆ ਗਾਰਡ ਤੇ ਟੈਕਨੀਸ਼ੀਅਨ ਰਾਹੁਲ ਅਤੇ ਕੰਡਕਟਰ ਜਸਵਿੰਦਰ ਨੇ ਮਿਲ ਕੇ ਕਰੀਬ 49.59 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਮੁੱਖ ਮੁਲਜ਼ਮ ਰਾਹੁਲ ਦੀ ਨਿਯੁਕਤੀ ਪਹਿਲਾਂ ਆਈਜੇਨ ਸਲਿਊਸ਼ਨ ਕੰਪਨੀ ਰਾਹੀਂ ਕੀਤੀ ਹੋਈ ਸੀ ਪਰ ਅਨੁਸ਼ਾਸਨਹੀਣਤਾ ਦੇ ਦੋਸ਼ਾਂ ਕਾਰਨ ਉਸ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ। 

ਇਸ ਤੋਂ ਬਾਅਦ ਵੀ ਉਸ ਨੂੰ ਕਿਸੇ ਹੋਰ ਠੇਕੇਦਾਰ ਰਾਹੀਂ ਸੀ.ਟੀ.ਯੂ. ’ਚ ਦੁਬਾਰਾ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਸ ਨੂੰ ਸੁਰੱਖਿਆ ਗਾਰਡ ਦੇ ਅਹੁਦੇ ’ਤੇ ਰੱਖਿਆ ਗਿਆ, ਪਰ ਉਸ ਤੋਂ ਟੈਕਨੀਸ਼ੀਅਨ ਦਾ ਕੰਮ ਲਿਆ ਗਿਆ। ਇਸੇ ਦੌਰਾਨ ਉਸ ਨੇ ਟੈਗ ਰੀਚਾਰਜ ਪੇਮੈਂਟ ’ਚ ਹੇਰਾਫੇਰੀ ਕਰ ਕੇ ਇਹ ਗ਼ਬਨ ਕੀਤਾ। ਮਾਮਲੇ ’ਚ ਸੀ.ਟੀ.ਯੂ. ਦੀ ਅਕਾਊਂਟ ਬ੍ਰਾਂਚ ਤੇ ਹੋਰ ਉੱਚ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ ਜਾ ਰਹੇ ਹਨ, ਜਿਨ੍ਹਾਂ ਦੀ ਜ਼ਿੰਮੇਵਾਰੀ ਟੈਗ ਰੀਚਾਰਜ ਪੇਮੈਂਟ ਦੀ ਨਿਗਰਾਨੀ ਕਰਨਾ ਸੀ। ਕੰਡਕਟਰ ਜਸਵਿੰਦਰ ਸਿੰਘ ਤੇ ਟੈਕਨੀਸ਼ੀਅਨ ਰਾਹੁਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਉੱਚ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਵੇਗੀ। ਪੁਲਸ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।

ਇਹ ਵੀ ਪੜ੍ਹੋ- ਦਾਦੇ-ਪੋਤੀ ਨਾਲ ਵਾਪਰਿਆ ਭਿਆਨਕ ਹਾਦਸਾ, ਕਾਰ 'ਚ ਵੜ ਗਈ ਸਕੂਟਰੀ ਤੇ ਸੀਟਾਂ 'ਤੇ ਖਿੱਲਰ ਗਈਆਂ ਲਾ.ਸ਼ਾਂ

5 ਮਹੀਨੇ ਤੋਂ ਚੱਲ ਰਹੀ ਸੀ ਖੇਡ, ਟੈਗ ਰੀਚਾਰਜ ਐਂਟਰੀਆਂ ਨੂੰ ਕਰਦਾ ਸੀ ਡਿਲੀਟ
ਸੈਕਟਰ-17 ਸਥਿਤ ਬੱਸ ਸਟੈਂਡ ਦੇ ਐਂਟਰੀ ਤੇ ਐਗਜ਼ਿਟ ਪੁਆਇੰਟਾਂ ’ਤੇ ਟੈਗ ਰੀਚਾਰਜ ਦਾ ਡਾਟਾ ਕੰਪਿਊਟਰ ’ਚ ਹੁੰਦਾ ਹੈ। ਪਹਿਲਾਂ ਇਹ ਕੰਮ ਖ਼ੁਦ ਕੰਡਕਟਰ ਜਸਵਿੰਦਰ ਸਿੰਘ ਕਰਦਾ ਸੀ ਪਰ ਬਾਅਦ ’ਚ ਉਸ ਨੂੰ ਇਕ ਹੋਰ ਜ਼ਿੰਮੇਵਾਰੀ ਦਿੱਤੀ ਗਈ। ਦੋਵੇਂ ਜ਼ਿੰਮੇਵਾਰੀਆਂ ਮਿਲਣ ਕਾਰਨ ਕੰਡਕਟਰ ਜਸਵਿੰਦਰ ਸਿੰਘ ਦਾ ਸ਼ਡਿਊਲ ਕਾਫ਼ੀ ਰੁਝੇਵਿਆਂ ਵਾਲਾ ਹੋ ਗਿਆ। ਇਸੇ ਦੌਰਾਨ ਠੇਕਾ ਮੁਲਾਜ਼ਮ ਰਾਹੁਲ ਸੰਪਰਕ ’ਚ ਆਇਆ। ਦੋਵਾਂ ’ਚ ਦੋਸਤੀ ਹੋਈ ਤੇ ਜਸਵਿੰਦਰ ਨੇ ਆਪਣੀ ਇਕ ਜ਼ਿੰਮੇਵਾਰੀ ਰਾਹੁਲ ਨੂੰ ਸੌਂਪ ਦਿੱਤੀ। ਰਾਹੁਲ ਨੇ ਸਾਰਾ ਸਿਸਟਮ ਸਮਝ ਲਿਆ ਤੇ ਕੰਪਿਊਟਰ ’ਤੇ ਬੈਠ ਕੇ ਟੈਗ ਰੀਚਾਰਜ ਕਰਨਾ ਸ਼ੁਰੂ ਕਰ ਦਿੱਤਾ। 

ਹਰ ਰੋਜ਼ ਲੱਖਾਂ ਰੁਪਏ ਦਾ ਟੈਗ ਰੀਚਾਰਜ ਹੁੰਦਾ ਤੇ ਰਾਹੁਲ ਹੀ ਸੈਕਟਰ-43 ਸਥਿਤ ਬੱਸ ਅੱਡੇ ’ਤੇ ਜਾ ਕੇ ਐਕਾਉਂਟ ਬ੍ਰਾਂਚ ’ਚ ਪੈਸੇ ਜਮ੍ਹਾਂ ਕਰਵਾਉਂਦਾ ਸੀ। ਸੂਤਰਾਂ ਅਨੁਸਾਰ ਟੈਗ ਰੀਚਾਰਜ ਦੀ ਪੇਮੈਂਟ ਦੀ ਰਸੀਦ ਅਕਾਊਂਟ ਬ੍ਰਾਂਚ ਨੂੰ ਉਸੇ ਸਮੇਂ ਦੇਣ ਦੀ ਬਜਾਏ ਬਾਅਦ ’ਚ ਦਿੰਦਾ ਸੀ। ਰਾਹੁਲ ਨੇ ਇਸ ਦਾ ਫ਼ਾਇਦਾ ਉਠਾਉਂਦਿਆਂ ਸੀ.ਟੀ.ਯੂ. ਦਾ ਖ਼ਜ਼ਾਨਾ ਖ਼ਾਲੀ ਕਰਨਾ ਸ਼ੁਰੂ ਕਰ ਦਿੱਤਾ। ਕੰਪਿਊਟਰ ’ਚ ਟੈਗ ਰੀਚਾਰਜ ਦੀਆਂ ਐਂਟਰੀਆਂ ਨੂੰ ਡਿਲੀਟ ਕਰਨਾ ਬਹੁਤ ਸੌਖਾ ਸੀ, ਇਸ ਲਈ ਰਾਹੁਲ ਇਕ ਜਾਂ ਦੋ ਟੈਗ ਰੀਚਾਰਜ ਐਂਟਰੀਆਂ ਨੂੰ ਡਿਲੀਟ ਕਰ ਦਿੰਦਾ ਸੀ। ਸੂਤਰਾਂ ਮੁਤਾਬਕ ਇਹ ਖੇਡ ਕਰੀਬ 5 ਮਹੀਨਿਆਂ ਤੋਂ ਚੱਲ ਰਹੀ ਸੀ।

ਇਹ ਵੀ ਪੜ੍ਹੋ- ਆਵਾਰਾ ਪਸ਼ੂ ਨੂੰ ਬਚਾਉਂਦਿਆਂ ਵਾਪਰ ਗਿਆ ਭਾਣਾ, ਇਕ ਔਰਤ ਦੀ ਹੋ ਗਈ ਮੌਤ, 3 ਹੋਰ ਜ਼ਖ਼ਮੀ

ਕਿੰਨੀ ਪੇਮੈਂਟ ਹੋਈ ਜਮ੍ਹਾਂ, ਅਧਿਕਾਰੀ ਨੂੰ ਪਤਾ ਹੀ ਨਹੀਂ
ਡਾਇਰੈਕਟਰ ਟਰਾਂਸਪੋਰਟ ਤੇ ਡਿਵੀਜ਼ਨ ਮੈਨੇਜਰ ਸੀ.ਟੀ.ਯੂ. ਪ੍ਰਦੁਮਣ ਸਿੰਘ ਅਨੁਸਾਰ ਕੰਡਕਟਰ ਜਸਵਿੰਦਰ ਸਿੰਘ ਨੇ ਟੈਗ ਰੀਚਾਰਜ ’ਚ ਮਿਸਮੈਚ ਹੋਈ ਪੇਮੈਂਟ ਜਮ੍ਹਾਂ ਕਰਵਾ ਦਿੱਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਸਵਿੰਦਰ ਸਿੰਘ ਨੇ ਵਿਭਾਗ ’ਚ ਕਿੰਨੀ ਪੇਮੈਂਟ ਜਮ੍ਹਾਂ ਕਰਵਾਈ ਹੈ ਤਾਂ ਪ੍ਰਦੁਮਣ ਸਿੰਘ ਨੇ ਕੋਈ ਜਵਾਬ ਨਹੀਂ ਦਿੱਤਾ। ਨਾਲ ਹੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੇ ਦਫ਼ਤਰ ’ਚ ਘਪਲੇ ਤੋਂ ਬਾਅਦ ਸੰਨਾਟਾ ਛਾ ਗਿਆ ਹੈ। ਇਸ ਮਾਮਲੇ ਨੂੰ ਸ਼ਾਂਤ ਕਰਨ ਲਈ ਟੈਗ ਰੀਚਾਰਜ ਪੇਮੈਂਟ ਤੇ ਅਕਾਊਂਟ ਬ੍ਰਾਂਚ ਦੇ ਖਾਤਿਆਂ ਨੂੰ ਮਿਲਾਇਆ ਜਾ ਰਿਹਾ ਹੈ। ਟੈਗ ਰੀਚਾਰਜ ’ਚ ਜਮ੍ਹਾਂ ਹੋਈ ਰਾਸ਼ੀ ਤੇ ਅਕਾਊਂਟ ਬ੍ਰਾਂਚ ਦੇ ਰਿਕਾਰਡ ਨੂੰ ਮਿਲਾਉਣ ’ਚ ਕੁਝ ਦਿਨ ਲੱਗ ਸਕਦੇ ਹਨ।

ਸੋਲਨ ਡਿਪੂ ਤੋਂ ਹੋਇਆ ਸੀ ਗ਼ਬਨ ਦਾ ਖ਼ੁਲਾਸਾ
ਵਿਭਾਗੀ ਸੂਤਰਾਂ ਮੁਤਾਬਕ ਟੈਗ ਰੀਚਾਰਜ ਘਪਲੇ ਦਾ ਖ਼ੁਲਾਸਾ ਸੋਲਨ ਡਿਪੂ ਵੱਲੋਂ ਕਰਵਾਈ ਗਈ ਪੇਮੈਂਟ ਤੋਂ ਹੋਇਆ ਸੀ। ਪੇਮੈਂਟ ਜਮ੍ਹਾਂ ਹੋਣ ਤੋਂ ਬਾਅਦ ਜਦੋਂ ਸੋਲਨ ਡਿਪੂ ਦੀ ਬੱਸ ਨੇ ਐਂਟਰੀ ਕੀਤੀ ਤਾਂ ਉਸ ਨੂੰ ਰੀਚਾਰਜ ਕਰਨ ਲਈ ਕਿਹਾ ਗਿਆ। ਸੋਲਨ ਡਿਪੂ ਨੇ ਦੱਸਿਆ ਕਿ ਟੈਗ ਰੀਚਾਰਜ ਦੀ ਪੇਮੈਂਟ ਜਮ੍ਹਾਂ ਕਰਵਾ ਚੁੱਕੇ ਹਨ ਪਰ ਸੀ.ਟੀ.ਯੂ. ਦੇ ਰਿਕਾਰਡ ’ਚ ਨਹੀਂ ਹੈ। 

ਸੂਚਨਾ ਮਿਲਦਿਆਂ ਹੀ ਕੰਡਕਟਰ ਜਸਵਿੰਦਰ ਸਿੰਘ ਨੇ ਸੀ.ਟੀ.ਯੂ. ਦੀ ਅਕਾਊਂਟ ਬ੍ਰਾਂਚ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਸੋਲਨ ਡਿਪੂ ਦੀ ਪੇਮੈਂਟ ਜਮ੍ਹਾਂ ਹੀ ਨਹੀਂ ਹੋਈ। ਇਸ ਤੋਂ ਬਾਅਦ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਗਈ ਤਾਂ ਸੋਲਨ ਡਿਪੂ ਵੱਲੋਂ ਟੈਗ ਰੀਚਾਰਜ ਕਰਨ ਦੀ ਫੁਟੇਜ ਸਾਹਮਣੇ ਆਈ। ਇਸ ਤੋਂ ਬਾਅਦ ਰਾਹੁਲ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਮਾਮਲੇ ਦਾ ਖ਼ੁਲਾਸਾ ਹੋਇਆ ਸੀ।

ਇਹ ਵੀ ਪੜ੍ਹੋ- ਭੇਤਭਰੇ ਹਾਲਾਤਾਂ 'ਚ ਕੁੜੀ ਦੀ ਹੋਈ ਮੌਤ ਦੇ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਦਰਜ ਹੋਈ FIR

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News