15 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਨੂੰ 24 ਘੰਟਿਆਂ ਅੰਦਰ ਪੁਲਸ ਨੇ ਕੀਤਾ ਗ੍ਰਿਫ਼ਤਾਰ
Tuesday, Oct 29, 2024 - 04:25 PM (IST)
ਬੁਢਲਾਡਾ (ਬਾਂਸਲ) : ਸਥਾਨਕ ਸ਼ਹਿਰ ਦੇ ਸੰਘਣੀ ਆਬਾਦੀ 'ਚ ਰਹਿੰਦੇ ਇੱਕ ਵਿਅਕਤੀ ਤੋਂ ਉਸ ਦੀਆਂ ਵੀਡਿਓ ਵਾਇਰਲ ਕਰਨ ਦੀ ਧਮਕੀ ਦਿੰਦਿਆਂ 15 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ। ਪੁਲਸ ਨੇ ਕੁੱਝ ਘੰਟਿਆਂ 'ਚ ਫ਼ਿਰੌਤੀ ਮੰਗਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਐੱਸ. ਐੱਸ. ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਦੀ ਅਗਵਾਈ ਹੇਠ ਸੀਨੀਅਰ ਪੁਲਸ ਅਧਿਕਾਰੀਆਂ ਦੀ ਯੋਗ ਰਹਿਨੁਮਾਈ ਹੇਠ ਫ਼ਿਰੌਤੀ ਮੰਗਣ ਦੇ ਮਾਮਲੇ ਨੂੰ ਟਰੇਸ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ। ਵਾਰਡ ਨੰਬਰ-16 ਦੇ ਵਸਨੀਕ ਗੁਰਦਰਸ਼ਨ ਸਿੰਘ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਰਾਤ ਨੂੰ ਕੋਈ ਨਾ-ਮਲੂਮ ਵਿਅਕਤੀ ਵੱਲੋਂ ਇੱਕ ਬੰਦ ਲਿਫ਼ਾਫ਼ਾ ਅਤੇ ਅਖ਼ਬਾਰ ਉਸ ਦੇ ਘਰ ਗੇਟ ਥੱਲੇ ਸੁਣ ਗਿਆ ਸੀ।
ਜਿਸ ਵਿਚ ਮਿਲੇ ਪੱਤਰ ਵਿਚ ਗਲਤ ਵੀਡੀਓ ਅਤੇ ਸਕਰੀਨ ਸ਼ਾਟ ਵਾਇਰਲ ਕਰਨ ਦੀ ਧਮਕੀ ਦੇ ਕੇ 15 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ। ਇਸ 'ਤੇ ਪੁਲਸ ਨੇ ਧਮਕੀ ਦੇਣ ਵਾਲੇ ਵਿਸ਼ਾਲ ਗਰਗ (32) ਵਾਸੀ ਬੁਢਲਾਡਾ ਵੱਲੋਂ ਹੋਰ ਵਿਅਕਤੀਆਂ ਨਾਲ ਮਿਲ ਕੇ ਕੇ ਫ਼ਿਰੌਤੀ ਮੰਗਣ 'ਤੇ ਗ੍ਰਿਫ਼ਤਾਰ ਕੀਤਾ ਗਿਆ। ਇਸ ਪਾਸੋਂ ਦੌਰਾਨੇ ਤਫ਼ਤੀਸ਼ ਇੱਕ ਐਟਲਸ ਸਾਈਕਲ, ਇਕ ਪ੍ਰਿੰਟਰ ਐੱਚ. ਪੀ. ਇਕ ਪੈਨ ਡਰਾਈਵ 16 ਜੀਬੀ ਅਤੇ ਇੱਕ ਸ਼ਾਲ ਬਰਾਮਦ ਕੀਤੇ ਗਏ ਹਨ। ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।