ਦੁਕਾਨ ’ਚ ਲੱਖਾਂ ਦੀ ਨਗਦੀ ਚੋਰੀ ਕਰਨ ਵਾਲੇ 4 ਗ੍ਰਿਫਤਾਰ, 1 ਫਰਾਰ
Wednesday, Oct 30, 2024 - 05:10 AM (IST)
ਅੰਮ੍ਰਿਤਸਰ (ਜਸ਼ਨ) - ਰਾਮਬਾਗ ਸਥਿਤ ਸ਼ਾਮ ਸੁੰਦਰ ਮਾਰਕੀਟ ਵਿਖੇ ਇਕ ਦੁਕਾਨ ’ਚੋਂ ਕੁਝ ਚੋਰਾਂ ਵਲੋਂ ਲੱਖਾਂ ਰੁਪਏ ਦੀ ਨਗਦੀ ਚੋਰੀ ਕਰਨ ਦੇ ਮਾਮਲੇ ਨੂੰ 6 ਘੰਟਿਆਂ ’ਚ ਸੁਲਝਾ ਕੇ ਥਾਣਾ ਏ ਡਵੀਜ਼ਨ ਦੀ ਪੁਲਸ ਨੇ ਚਾਰਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਪਾਸੋਂ ਕੁਝ ਨਗਦੀ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ, ਜਦਕਿ ਪੁਲਸ ਵਲੋਂ ਇਨ੍ਹਾਂ ਦੇ ਇੱਕ ਹੋਰ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।
ਥਾਣਾ ਏ ਡਵੀਜ਼ਨ ਦੇ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਡੀ. ਸੀ. ਪੀ. ਲਾਅ-ਐਂਡ-ਆਰਡਰ ਵਿਜੇ ਆਲਮ, ਏ. ਡੀ. ਸੀ. ਪੀ. -3 ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ. ਸੀ. ਪੀ. ਈਸਟ ਗੁਰਿੰਦਰਬੀਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਦਾ ਗਠਨ ਕਰ ਕੇ ਮਾਮਲੇ ਨੂੰ 6 ਘੰਟਿਆਂ ’ਚ ਸੁਲਝਾ ਕੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਨਿਖਿਲ ਕੁਮਾਰ ਪੁੱਤਰ ਲਵਲੀ ਕੁਮਾਰ, ਅਦਿੱਤਿਯਾ ਉਰਫ ਚੀਕੂ ਪੁੱਤਰ ਰਿੰਕੂ ਦੋਵੇ ਵਾਸੀ ਵਾਲਮੀਕਿ ਮੁਹੱਲਾ, ਭਗਤਾਂ ਵਾਲਾ ਗੇਟ, ਅਜੇ ਪੁੱਤਰ ਅਮਰਜੀਤ ਸਿੰਘ ਵਾਸੀ ਗਲੀ ਨੰਬਰ 02 ਨਜਦੀਕ ਗੁਲਾਬਾ ਦਾ ਪਾਰਕ, ਫਤਿਹ ਸਿੰਘ ਕਲੋਨੀ, ਅਨੁਜ ਪੁੱਤਰ ਅਨਿਲ ਕੁਮਾਰ ਵਾਸੀ ਗਲੀ ਤੇਜਾਬ ਵਾਲੀ ਨੇੜੇ ਬਾਬਾ ਜੀਵਨ ਸਿੰਘ ਕਾਲੋਨੀ ਅਤੇ ਫਰਾਰ ਮੁਲਜ਼ਮ ਸਿਬੂ ਪੁੱਤਰ ਜੰਗਲੀ ਵਾਸੀ ਗਲੀ ਨੰਬਰ 1 ਵਾਲਮੀਕਿ ਮੁਹੱਲਾ, ਭਗਤਾਂ ਵਾਲਾ ਗੇਟ ਵਜੋਂ ਹੋਈ ਹੈ, ਜਿੰਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਪਾਸੋਂ 3 ਲੱਖ 4 ਹਜ਼ਾਰ ਰੁਪਏ ਦੀ ਨਗਦੀ ਅਤੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਦੁਕਾਨ ’ਤੇ ਕੰਮ ਕਰਦੇ ਹੈਲਪਰ ਨੇ ਹੀ ਆਪਣੇ ਸਾਥੀਆਂ ਨਾਲ ਮਿਲ ਕੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਕਾਸ ਕੁਮਾਰ ਨਾਰੰਗ ਪੁੱਤਰ ਵਿਜੇ ਕੁਮਾਰ ਨਾਰੰਗ ਵਾਸੀ ਖ਼ਜਾਨਾ ਗੇਟ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸ਼ਾਮ ਸੁੰਦਰ ਮਾਰਕੀਟ ਰਾਮਬਾਗ ਵਿਖੇ ਜੈ ਸਚਦਾਨੰਦ ਟਰੈਡਰ ਨਾਮ ਦੀ ਐੱਲ. ਈ. ਡੀ. ਸੇਲ ਕਰਨ ਦੀ ਦੁਕਾਨ ਕਰਦਾ ਹੈ। ਦੁਕਾਨ ’ਤੇ ਨਿਖਿਲ ਕੁਮਾਰ ਅਰਸਾ ਕਰੀਬ ਇਕ ਮਹੀਨੇ ਤੋਂ ਬਤੌਰ ਹੈਲਪਰ ਲੱਗਾ ਸੀ।
26 ਅਕਤੂਬਰ ਨੂੰ ਹੋਈ ਸਾਰੀ ਸੇਲ ਦੀ ਰਕਮ ਕਰੀਬ 4 ਲੱਖ 75 ਹਜ਼ਾਰ ਰੁਪੇ ਦੁਕਾਨ ਦੇ ਗੱਲੇ ਵਿਚ ਰੱਖੀ ਸੀ, ਜਿਸ ਬਾਰੇ ਨਿਖਿਲ ਕੁਮਾਰ ਨੂੰ ਪਤਾ ਸੀ, ਜਿਸ ਨੇ ਦੁਕਾਨ ਦੇ ਸ਼ਟਰ ਦੀ ਡੁਪਲੀਕੇਟ ਚਾਬੀ ਬਣਵਾ ਕੇ ਆਪਣੇ ਸਾਥੀਆਂ ਨੂੰ ਦਿੱਤੀ ਅਤੇ 26/27 ਅਕੂਤਬਰ ਦੀ ਦਰਮਿਆਨੀ ਰਾਤ ਨੂੰ ਉਨ੍ਹਾਂ ਨਾਲ ਮਿਲ ਕੇ ਉਸ ਦੀ ਦੁਕਾਨ ਵਿੱਚੋ 4 ਲੱਖ 75,000/-ਰੁਪਏ ਚੋਰੀ ਕਰ ਲਏ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਮੁਲਜ਼ਮ ਨਿਖਿਲ ਕੁਮਾਰ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਪਾਸੋਂ 1 ਲੱਖ ਰੁਪਏ ਬਰਾਮਦ ਕੀਤੇ, ਜਿਸ ਨੇ ਪੁੱਛ-ਗਿੱਛ ਵਿੱਚ ਦੱਸਿਆ ਕਿ ਇਹ ਚੋਰੀ ਉਸ ਵਲੋਂ ਹੀ ਕਰਵਾਈ ਗਈ ਸੀ ਅਤੇ ਉਸ ਨੇ ਹੀ ਫਰਾਰ ਮੁਲਜ਼ਮ ਸਿਬੂ ਨੂੰ ਦੁਕਾਨ ਦੇ ਸ਼ਟਰ ਦੇ ਤਾਲੇ ਦੀ ਚਾਬੀ ਬਣਵਾ ਕੇ ਦਿੱਤੀ ਗਈ ਸੀ।
ਮੁਲਜ਼ਮ ਅਦਿਤਿਯਾ ਉਰਫ ਚੀਕੂ ਕੋਲੋਂ 1,44,000/-ਰੁਪਏ, ਅਜੇ ਅਤੇ ਅਨੁਜ ਪਾਸੋਂ 30-30 ਹਜ਼ਾਰ ਰੁਪਏ ਬਰਾਮਦ ਹੋਏ ਹਨ। ਪੁਲਸ ਨੇ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਅਤੇ ਫਰਾਰ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।