ਕਮਰੇ ''ਚੋਂ ਬਾਹਰ ਨਾ ਨਿਕਲਿਆ ਜਵਾਨ ਪੁੱਤ, ਖਿੜਕੀ ''ਚੋਂ ਝਾਕਦੇ ਹੀ ਮਾਂ ਦੇ ਪੈਰਾਂ ਹੇਠੋਂ ਖ਼ਿਸਕੀ ਜ਼ਮੀਨ
Monday, Aug 31, 2020 - 01:03 PM (IST)
ਲੁਧਿਆਣਾ (ਜ. ਬ.) : ਬਸਤੀ ਜੋਧੇਵਾਲ ਦੇ ਸੰਤ ਵਿਹਾਰ ਇਲਾਕੇ 'ਚ ਅਕਾਊਂਟੈਂਟ ਦਾ ਕੰਮ ਕਰਨ ਵਾਲੇ 25 ਸਾਲਾ ਨੌਜਵਾਨ ਨੇ ਸ਼ੱਕੀ ਹਾਲਾਤ 'ਚ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਵਿਨੀਤ ਦੀ ਲਾਸ਼ ਐਤਵਾਰ ਸ਼ਾਮ ਉਸ ਦੇ ਘਰ 'ਚ ਲਟਕਦੀ ਮਿਲੀ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਵਿਨੀਤ ਫੈਕਟਰੀ 'ਚ ਅਕਾਊਂਟਸ ਦੇਖਦਾ ਸੀ। ਉਸ ਦਾ 3 ਮੰਜ਼ਿਲਾ ਘਰ ਹੈ। ਪਰਿਵਾਰ 'ਚ ਉਸਦੇ ਮਾਤਾ-ਪਿਤਾ ਅਤੇ ਇਕ ਵਿਆਹੁਤਾ ਭੈਣ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸਦਾ ਪਿਤਾ ਸਿਹਤਮੰਦ ਨਾ ਹੋਣ ਕਰ ਕੇ ਹਸਪਤਾਲ 'ਚ ਜ਼ੇਰੇ ਇਲਾਜ ਹੈ। ਘਟਨਾ ਦੇ ਸਮੇਂ ਘਰ ’ਚ ਵਿਨੀਤ ਦੀ ਮਾਤਾ ਸੀ। ਕਾਫੀ ਦੇਰ ਤੱਕ ਜਦੋਂ ਉਹ ਹੇਠਾਂ ਨਾ ਆਇਆ ਤਾਂ ਸ਼ਾਮ ਲਗਭਗ 6 ਵਜੇ ਮਾਂ ਉਸ ਨੂੰ ਦੇਖਣ ਲਈ ਤੀਜੀ ਮੰਜ਼ਿਲ ’ਤੇ ਗਈ। ਕਮਰੇ ਦਾ ਦਰਵਾਜ਼ਾ ਅੰਦਰੋਂ ਲੱਗਾ ਸੀ, ਕਿਸੇ ਤਰ੍ਹਾਂ ਖਿੜਕੀ ਤੋਂ ਪਰਦਾ ਚੱਕ ਕੇ ਝਾਕ ਕੇ ਦੇਖਿਆ ਤਾਂ ਉਸ ਦੇ ਬੇਟੇ ਦੀ ਲਾਸ਼ ਲਟਕ ਰਹੀ ਸੀ।
ਇਹ ਦਰਦਨਾਕ ਦ੍ਰਿਸ਼ ਦੇਖਦੇ ਸਾਰ ਹੀ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੇ ਰੌਲਾ ਪਾਉਣ ’ਤੇ ਗੁਆਂਢ ਦੇ ਲੋਕਾਂ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਪਰ ਤਦ ਤੱਕ ਵਿਨੀਤ ਦੇ ਸਾਹ ਨਿਕਲ ਚੁੱਕੇ ਸਨ। ਸੂਚਨਾ ਮਿਲਣ ’ਤੇ ਪੀ. ਸੀ. ਆਰ. ਦਸਤਾ 63 ’ਤੇ ਤਾਇਨਾਤ ਏ. ਐੱਸ. ਆਈ. ਅੰਮ੍ਰਿਤਪਾਲ ਸਿੰਘ ਅਤੇ ਕਾਂਸਟੇਬਲ ਪ੍ਰੇਮ ਕੁਮਾਰ ਪੁੱਜੇ। ਪੁਲਸ ਨੂੰ ਮੌਕੇ ਤੋਂ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ, ਜਿਸ ਤੋਂ ਖੁਦਕੁਸ਼ੀ ਦੇ ਕਾਰਨਾਂ ਪਤਾ ਲੱਗ ਸਕੇ।