ਨੌਜਵਾਨ ਦੀ ਬੁਰੀ ਤਰ੍ਹਾਂ ਨਾਲ ਕੀਤੀ ਕੁੱਟਮਾਰ, ਸੋਸ਼ਲ ਮੀਡੀਆ ''ਤੇ ਵੀਡੀਓ ਕੀਤੀ ਵਾਇਰਲ
Monday, Feb 14, 2022 - 12:37 PM (IST)
ਭਵਾਨੀਗੜ੍ਹ (ਵਿਕਾਸ) : ਪਿੰਡ ਨਾਗਰਾ ’ਚ ਕੁੱਝ ਨੌਜਵਾਨਾਂ ’ਤੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਦੋਸ਼ ਲੱਗੇ ਹਨ। ਇਸ ਦੇ ਨਾਲ ਹੀ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਕਤ ਨੌਜਵਾਨ ਘਰ ’ਚ ਦਾਖ਼ਲ ਹੋ ਕੇ ਨਕਦੀ, ਸੋਨੇ ਦਾ ਕੜਾ, ਛਾਪ ਤੇ ਚਾਂਦੀ ਦੀਆਂ ਝਾਂਜਰਾ ਚੁੱਕ ਕੇ ਲੈ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਦੇਵ ਸਿੰਘ ਵਾਸੀ ਨਾਗਰਾ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਪ੍ਰੀਤ ਸਿੰਘ ਡਾਲਾ ਨੇੜਲੇ ਪਿੰਡ ਮਹਿਲਾਂ ਚੌਂਕ ਵਿਖੇ ਮੇਲਾ ਦੇਖਣ ਗਿਆ ਹੋਇਆ ਸੀ ਤਾਂ ਪੁਰਾਣੀ ਰੰਜ਼ਿਸ਼ ਦੇ ਕਾਰਨ ਪਿੰਡ ਦੇ ਹੀ ਕੁੱਝ ਨੌਜਵਾਨਾਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦੇ ਕੱਪੜੇ ਉਤਾਰ ਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਤੇ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ।
ਘਟਨਾ ਸਬੰਧੀ ਉਨ੍ਹਾਂ ਵੱਲੋਂ ਪੁਲਸ ਕੋਲ ਸ਼ਿਕਾਇਤ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਕੁੱਝ ਨੌਜਵਾਨ ਉਨ੍ਹਾਂ ਦੇ ਘਰ ਦੇ ਗੇਟ ਦੀ ਭੰਨ-ਤੋੜ ਕਰਦੇ ਹੋਏ ਅੰਦਰ ਦਾਖ਼ਲ ਹੋ ਗਏ, ਜਿੱਥੇ ਉਨ੍ਹਾਂ ਨੇ ਪਏ ਸਮਾਨ ਦੀ ਭੰਨ-ਤੋੜ ਕੀਤੀ ਤੇ ਕਮਰੇ ’ਚ ਰੱਖੇ ਟਰੰਕ ’ਚੋਂ 15 ਹਜ਼ਾਰ ਰੁਪਏ ਨਕਦੀ, ਇਕ ਸੋਨੇ ਦਾ ਕੜਾ, ਇਕ ਮੁੰਦਰੀ ਅਤੇ ਝਾਂਜਰਾ ਲੈ ਕੇ ਫ਼ਰਾਰ ਹੋ ਗਏ। ਬਲਦੇਵ ਸਿੰਘ ਨੇ ਤਰੁੰਤ ਇਸ ਦੀ ਸੂਚਨਾ 112 ਹੈਲਪਲਾਈਨ ਨੰਬਰ ’ਤੇ ਦਿੱਤੀ ਪਰ ਕੋਈ ਸੁਣਵਾਈ ਨਹੀਂ ਹੋਈ। ਬਲਦੇਵ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਨ੍ਹਾਂ ਨੇ ਦੁਬਾਰਾ ਪੁਲਸ ਨੂੰ ਫ਼ੋਨ ਕੀਤਾ ਤਾਂ ਗੱਲ ਸੁਣਨ ਦੀ ਬਜਾਏ ਉਸਦੇ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਦੇਰ ਰਾਤ ਪੁਲਸ ਨੇ ਆ ਕੇ ਮੌਕਾ ਵੇਖ਼ਿਆ।
ਘਰਾਚੋਂ ਪੁਲਸ ਚੌਂਕੀ ਦੇ ਇੰਚਾਰਜ ਐੱਸ. ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਮੁੰਡੇ ਨਾਲ ਕੁੱਟਮਾਰ ਹੋਣ ਦੀ ਗੱਲ ਆਖੀ ਜਾ ਰਹੀ ਹੈ, ਉਹ ਪੁਲਸ ਦੇ ਦੋ ਕੇਸਾਂ ’ਚ ਭਗੌੜਾ ਹੈ। ਪੁਲਸ ਨੇ ਘਰ ’ਚ ਭੰਨ-ਤੋੜ ਕਰਨ, ਨਕਦੀ ਤੇ ਗਹਿਣੇ ਚੁੱਕ ਕੇ ਲਿਜਾਣ ਵਰਗੀਆਂ ਗੱਲਾਂ ਨੂੰ ਝੂਠ ਦਾ ਪੁਲਿੰਦਾ ਦੱਸਿਆ ਹੈ।