ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਗਾ ਕੇ ਘੁੰਮਣ ਵਾਲਾ ਕਾਬੂ
Tuesday, Dec 26, 2023 - 03:56 PM (IST)
ਚੰਡੀਗੜ੍ਹ (ਸੁਸ਼ੀਲ) : ਐਕਟਿਵਾ ਚੋਰੀ ਕਰ ਕੇ ਜਾਅਲੀ ਨੰਬਰ ਲਗਾ ਕੇ ਘੁੰਮ ਰਹੇ ਨੌਜਵਾਨ ਨੂੰ ਪੁਲਸ ਨੇ ਸੈਕਟਰ-23 ਦੇ ਸਰਕਾਰੀ ਸਕੂਲ ਨੇੜੇ ਨਾਕਾ ਲਗਾ ਕੇ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਬੁੜੈਲ ਵਾਸੀ ਕਰਨ ਕੁਮਾਰ ਵਜੋਂ ਹੋਈ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਰਨ ਨੇ 2 ਦਿਨ ਪਹਿਲਾਂ ਸੈਕਟਰ-45 ਦੇ ਸਰਕਾਰੀ ਸਕੂਲ ਨੇੜਿਓਂ ਐਕਟਿਵਾ ਚੋਰੀ ਕੀਤੀ ਸੀ। ਉਹ ਨਸ਼ਾ ਕਰਨ ਲਈ ਚੋਰੀਆਂ ਕਰਦਾ ਸੀ। ਸੈਕਟਰ-17 ਥਾਣਾ ਪੁਲਸ ਨੇ ਚੋਰੀ ਦੀ ਐਕਟਿਵਾ ਜ਼ਬਤ ਕਰ ਕੇ ਮੁਲਜ਼ਮ ਕਰਨ ਕੁਮਾਰ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਹੋਰ ਚੋਰੀ ਹੋਏ ਵਾਹਨਾਂ ਸੰਬੰਧੀ ਪੁੱਛਗਿੱਛ ਜਾਰੀ
ਸੈਕਟਰ-17 ਥਾਣਾ ਇੰਚਾਰਜ ਰਾਜੀਵ ਕੁਮਾਰ ਦੀ ਅਗਵਾਈ ਹੇਠ ਪੁਲਸ ਟੀਮ ਸੈਕਟਰ-23 ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪੁਲਸ ਟੀਮ ਨੂੰ ਮੁਖਬਰ ਨੇ ਦੱਸਿਆ ਕਿ ਇਕ ਨੌਜਵਾਨ ਚੋਰੀ ਦੀ ਐਕਟਿਵਾ ’ਤੇ ਜਾਅਲੀ ਨੰਬਰ ਲਗਾ ਕੇ ਸਕੂਲ ਵੱਲ ਆ ਰਿਹਾ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਮਾਮਲੇ ਦੀ ਜਾਂਚ ਕੀਤੀ ਅਤੇ ਸੈਕਟਰ-23 ਸਥਿਤ ਸਰਕਾਰੀ ਸਕੂਲ ਦੇ ਬਾਹਰ ਨਾਕਾਬੰਦੀ ਕਰ ਦਿੱਤੀ।
ਪੁਲਸ ਟੀਮ ਨੂੰ ਸ਼ੱਕ ਹੋਇਆ ਅਤੇ ਐਕਟਿਵਾ ਦਾ ਨੰਬਰ ਚੈੱਕ ਕੀਤਾ ਤਾਂ ਇਹ ਜਾਅਲੀ ਪਾਇਆ ਗਿਆ। ਪੁਲਸ ਟੀਮ ਨੇ ਐਕਟਿਵਾ ਚਾਲਕ ਕਰਨ ਨੂੰ ਕਾਬੂ ਕਰ ਲਿਆ। ਉਸ ਨੇ ਦੱਸਿਆ ਕਿ ਐਕਟਿਵਾ ਸੈਕਟਰ-45 ਤੋਂ ਚੋਰੀ ਕੀਤੀ ਸੀ। ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਕੋਲੋਂ ਹੋਰ ਚੋਰੀ ਹੋਏ ਵਾਹਨਾਂ ਬਾਰੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ।