ਪਤਨੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲਾ ਸਾਥੀਆਂ ਸਮੇਤ ਕਾਬੂ

Saturday, Nov 09, 2024 - 04:04 AM (IST)

ਪਤਨੀ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲਾ ਸਾਥੀਆਂ ਸਮੇਤ ਕਾਬੂ

ਮੋਗਾ (ਆਜ਼ਾਦ) - ਮਾੜੇ ਅਨਸਰਾਂ  ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ  ਤਹਿਤ ਧਰਮਕੋਟ ਪੁਲਸ ਨੇ ਬੀਤੇ ਦਿਨ ਆਪਣੀ ਪਤਨੀ ’ਤੇ ਜਾਨਲੇਵਾ ਹਮਲਾ ਕਰਦਿਆਂ ਆਪਣੇ ਸਾਥੀਆਂ ਨਾਲ ਮਿਲ ਕੇ ਗੋਲੀ ਮਾਰ ਕੇ ਜ਼ਖਮੀ ਕਰਨ ਦੇ ਇਲਾਵਾ ਘਰ ਦੀ ਭੰਨਤੋੜ ਕਰਨ ਦੇ ਮਾਮਲੇ ਵਿਚ ਪੀੜਤਾ ਦੇ ਪਤੀ ਸਮੇਤ ਚਾਰ ਵਿਅਕਤੀਆਂ ਨੂੰ ਅਸਲੇ ਅਤੇ ਕਾਰ ਸਮੇਤ ਕਾਬੂ ਕਰ ਕੇ ਉਕਤ ਮਾਮਲੇ ਵਿਚ ਮੁੱਖ ਮੁਲਜ਼ਮ ਦੀ ਦੂਜੀ ਪਤਨੀ ਸਮੇਤ ਦੋ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਹੈ।

 ਡੀ. ਐੱਸ. ਪੀ. ਧਰਮਕੋਟ ਰਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਅਤੇ ਐੱਸ. ਪੀ. ਆਈ. ਬਾਲ ਕ੍ਰਿਸ਼ਨ ਸਿੰਗਲਾ ਦੇ ਨਿਰਦੇਸ਼ਾਂ ’ਤੇ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਜਤਿੰਦਰ ਸਿੰਘ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ।  ਡੀ. ਐੱਸ. ਪੀ. ਰਮਨਦੀਪ ਸਿੰਘ ਨੇ ਦੱਸਿਆ ਕਿ ਧਰਮਕੋਟ ਪੁਲਸ ਵਲੋਂ ਰੀਤੂ ਪਤਨੀ ਗੁਰਵਿੰਦਰ ਸਿੰਘ ਨਿਵਾਸੀ ਬਸਤੀ ਲੋਹਗੜ੍ਹ ਧਰਮਕੋਟ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਉਸ ਨੇ ਕਿਹਾ ਕਿ ਉਸਦੇ ਪਤੀ ਗੁਰਵਿੰਦਰ ਸਿੰਘ ਨੇ ਆਪਣੇ-ਆਪ ਨੂੰ ਕੁਆਰਾ ਦੱਸ ਕੇ ਉਸ ਨਾਲ 30 ਅਕਤੂਬਰ 2022 ਨੂੰ ਲਵ ਮੈਰਿਜ ਕਰਵਾਈ ਸੀ, ਪਰ ਹੁਣ ਉਹ ਮੈਂਨੂੰ ਤਲਾਕ ਦੇ ਕੇ ਆਪਣੀ ਪਹਿਲੀ ਪਤਨੀ ਜੰਗੀਰ ਕੌਰ ਨਿਵਾਸੀ ਮਹਿਤਪੁਰ ਜਲੰਧਰ ਨੂੰ ਅਪਣੇ ਘਰ ਲਿਆਉਣਾ ਚਾਹੁੰਦਾ ਸੀ, ਜਿਸ ਕਾਰਣ ਘਰ ਵਿਚ ਲੜਾਈ ਝਗੜਾ ਰਹਿੰਦਾ ਸੀ। 

ਇਸੇ ਰੰਜਿਸ਼ ਤਹਿਤ ਮੇਰੇ ਪਤੀ ਗੁਰਵਿੰਦਰ ਸਿੰਘ ਨੇ ਆਪਣੇ ਦੋਸਤ ਤੇਜਿੰਦਰ ਸਿੰਘ ਉਰਫ ਚਿੱਟਾ, ਹਰਨਾਮ ਸਿੰਘ ਨਿਵਾਸੀ ਪਿੰਡ ਕੜਿਆਲ ਅਤੇ ਗੁਰਸੇਵਕ ਸਿੰਘ ਉਰਫ ਬੱਬੂ ਨਿਵਾਸੀ ਪਿੰਡ ਨੂਰਪੁਰ ਹਕੀਮਾ ਨੇ ਸਾਡੇ ਘਰ ਅੰਦਰ ਦਾਖਲ ਹੋ ਕੇ ਭੰਨਤੋੜ ਸ਼ੁਰੂ ਕਰ ਦਿੱਤੀ ਅਤੇ ਮੇਰੇ ਪਤੀ ਨੇ ਪਿਸਤੌਲ ਕੱਢ ਕੇ ਮੈਂਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ, ਪਰ ਮੈਂ ਬਚ ਗਈ ਅਤੇ ਇਸ ਉਪਰੰਤ ਉਸ ਨੇ ਮੇਰੀ ਲੱਤ ’ਤੇ ਗੋਲੀ ਮਾਰੀ ਅਤੇ ਆਪਣੇ ਸਾਥੀਆਂ ਸਮੇਤ ਕਾਰ ’ਤੇ ਸਵਾਰ ਹੋ ਕੇ ਫਰਾਰ ਹੋ ਗਏ। ਮੈਂਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਸੀ। 

ਡੀ. ਐੱਸ. ਪੀ. ਰਮਨਦੀਪ ਸਿੰਘ ਨੇ ਕਿਹਾ ਕਿ ਥਾਣਾ ਮੁਖੀ ਜਤਿੰਦਰ ਸਿੰਘ ਅਤੇ ਸਹਾਇਕ ਥਾਣੇਦਾਰ ਪਰਵਿੰਦਰ ਸਿੰਘ ਨੇ ਜਾਂਚ ਦੌਰਾਨ ਚਾਰਾ ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਕੇ ਵਾਰਦਾਤ ਸਮੇਂ ਵਰਤੀ ਗਈ ਬਰੀਜਾ ਕਾਰ ਅਤੇ 32 ਬੋਰ ਪਿਸਟਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮਾ ਨੇ ਪੁੱਛ-ਗਿੱਛ ਦੌਰਾਨ ਕਿਹਾ ਕਿ ਵਾਰਦਾਤ ਦੇ ਬਾਅਦ ਉਹ ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਪਿੰਡ ਮਾਹਵਾ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਰਾਤ ਰਹੇ ਸੀ।  ਪੁਲਸ ਨੇ ਉਕਤ ਮਾਮਲੇ ਵਿਚ ਗੁਰਪ੍ਰੀਤ ਸਿੰਘ ਗੋਪੀ ਦੇ ਇਲਾਵਾ ਗੁਰਵਿੰਦਰ ਸਿੰਘ ਦੀ ਦੂਜੀ ਪਤਨੀ ਜੰਗੀਰ ਕੌਰ ਨੂੰ ਵੀ ਉਕਤ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਥਾਣਾ ਮੁਖੀ ਨੇ ਕਿਹਾ ਕਿ ਦੂਸਰੇ ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ।


author

Inder Prajapati

Content Editor

Related News