ਪਿੰਡ ਭਲੂਰ ਵਿਖੇ ‘ਚਿੱਟੇ’ ਨੇ ਨਿਗਲਿਆ ਇਕ ਹੋਰ ਨੌਜਵਾਨ
Monday, Jul 18, 2022 - 04:06 PM (IST)
ਮੋਗਾ (ਗੋਪੀ ਰਾਊਕੇ, ਆਜ਼ਾਦ) : ਪੰਜਾਬ ਵਿਚ ਸਿੰਥੈਟਿਕ ਡਰੱਗ ‘ਚਿੱਟੇ’ ਦਾ ਕਾਲਾ ਧੰਦਾ ਨੌਜਵਾਨਾਂ ਦੀ ਜ਼ਿੰਦਗੀਆਂ ਨਿਗਲ ਰਿਹਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕੱਲੇ ਮੋਗਾ ਜ਼ਿਲ੍ਹੇ ਵਿਚ ਲੰਘੇ 3 ਮਹੀਨਿਆਂ ਦੌਰਾਨ 12 ਨੌਜਵਾਨ ਇਸ ਡਰੱਗ ਦੀ ਓਵਰਡੋਜ਼ ਕਰ ਕੇ ਮੌਤ ਦੇ ਮੂੰਹ ਜਾ ਚੁੱਕੇ ਹਨ। ਤਾਜ਼ਾ ਮਾਮਲਾ ਥਾਣਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਭਲੂਰ ਦਾ ਹੈ, ਜਿੱਥੋਂ ਦੇ 19 ਵਰ੍ਹਿਆਂ ਦੇ ਨੌਜਵਾਨ ਅਕਾਸ਼ਦੀਪ ਸਿੰਘ ਨੂੰ ਇਸ ਨਸ਼ੇ ਨੇ ਨਿਗਲ ਲਿਆ ਹੈ। ਛੋਟੀ ਉਮਰੇ ਨਸ਼ੇ ਦੀ ਦਲਦਲ ਵਿਚ ਅਕਾਸ਼ ਅਜਿਹਾ ਧੱਸਦਾ ਗਿਆ ਕਿ ਆਖਿਰਕਾਰ ਮੌਤ ਦੇ ਮੂੰਹ ਹੀ ਚਲਾ ਗਿਆ। ਮ੍ਰਿਤਕ ਦੀ ਮਾਤਾ ਹਰਬੰਸ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਉਨ੍ਹਾਂ ਦਾ ‘ਪੁੱਤ’ ਵੱਡਾ ਹੋ ਕੇ ਬੁਢਾਪੇ ਵਿਚ ਸਾਡੀ ਡੰਗੋਰੀ ਬਣੇਗਾ ਪਰ ‘ਚਿੱਟੇ’ ਨੇ ਸਾਡਾ ਪੁੱਤ ਖੋਹ ਲਿਆ ਹੈ।
ਦੂਜੇ ਪਾਸੇ ਥਾਣਾ ਬਾਘਾ ਪੁਰਾਣਾ ਦੀ ਪੁਲਸ ਨੇ ਇਸ ਮਾਮਲੇ ਵਿਚ ਮ੍ਰਿਤਕ ਦੀ ਮਾਤਾ ਹਰਬੰਸ ਕੌਰ ਦੇ ਬਿਆਨਾਂ ’ਤੇ ਰਾਜਵੀਰ ਕੌਰ ਰੱਜੀ, ਮਿੰਟੂ, ਕੁਲਦੀਪ ਸਿੰਘ ਨਿਵਾਸੀ ਘੋਲੀਆ ਕਲਾਂ ਅਤੇ ਮਨਜਿੰਦਰ ਸਿੰਘ, ਜਗਜੀਵਨ ਸਿੰਘ ਨਿਵਾਸੀ ਬਾਘਾ ਪੁਰਾਣਾ, ਗੁਰਵਿੰਦਰ ਸਿੰਘ ਗਿੰਦੀ ਕਾਲੇਕੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਹਰਬੰਸ ਕੌਰ ਨੇ ਦਰਜ ਕਰਵਾਇਆ ਸੀ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੇ ਹੀ ਉਸਨੂੰ ਨਸ਼ਾ ਦਿੱਤਾ ਸੀ। ਪੁਲਸ ਵੱਲੋਂ ਗੁਰਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਦੂਜਿਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।