ਲੜਾਈ ''ਚ ਮਦਦ ਲਈ ਘਰੋਂ ਲੈ ਗਏ ਮੁੰਡਾ, ਫ਼ਿਰ ਉਸੇ ਨੂੰ ਨਸ਼ੇ ਦਾ ਟੀਕਾ ਲਾ ਕੇ ਉਤਾਰ''ਤਾ ਮੌਤ ਦੇ ਘਾਟ
Saturday, Sep 07, 2024 - 02:31 AM (IST)
ਮਲੋਟ (ਜੁਨੇਜਾ)- ਮਲੋਟ ਦੇ ਇਕ ਕਾਲਜ ’ਚ ਹੋ ਰਹੀ ਚੋਣ ਕਾਰਨ ਹੋਈ ਲੜਾਈ ’ਚ ਮਦਦ ਲਈ ਨਾਲ ਲੈ ਕੇ ਗਏ ਇਕ ਨੌਜਵਾਨ ਨੂੰ ਉਸ ਦੇ ਸਾਥੀਆਂ ਵਲੋਂ ਚਿੱਟੇ ਦਾ ਟੀਕਾ ਲਾ ਕੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਲੰਬੀ ਦੀ ਪੁਲਸ ਨੇ ਇਸ ਮੌਤ ਲਈ ਜ਼ਿੰਮੇਵਾਰ ਚਾਰ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ’ਚ ਦੋ ਭਰਾ ਅਤੇ ਇਕ ਦੇ ਦੋ ਪੁੱਤਰ ਸ਼ਾਮਲ ਹਨ। ਮਾਮਲਾ ਥਾਣਾ ਲੰਬੀ ਦੇ ਪਿੰਡ ਫਤਿਹਪੁਰ ਮੰਨੀਆਂ ਦਾ ਹੈ।
ਮ੍ਰਿਤਕ ਨੌਜਵਾਨ ਦੀ ਮਾਤਾ ਸਰਬਜੀਤ ਕੌਰ ਪਤਨੀ ਬਲਵਿੰਦਰ ਸਿੰਘ ਨੇ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਸਦੇ ਪਤੀ ਦੀ 13 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸ ਦੇ ਦੋ ਲੜਕੇ ਹਨ ਅਤੇ ਵੱਡਾ ਲੜਕਾ ਗੁਰਪ੍ਰੀਤ ਸਿੰਘ ਗੁਰੂਗ੍ਰਾਮ ਐਮਾਜ਼ਾਨ ਕੰਪਨੀ ’ਚ ਨੌਕਰੀ ਕਰਦਾ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ। ਕੁਝ ਦਿਨ ਪਹਿਲਾਂ ਹੀ ਉਹ ਪਿੰਡ ਆਇਆ ਸੀ, ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਗੋਰਾ ਪੁੱਤਰ ਜੋਗਿੰਦਰ ਸਿੰਘ, ਲਵਦੀਪ ਸਿੰਘ ਲੱਭੂ ਪੁੱਤਰ ਜੋਗਿੰਦਰ ਸਿੰਘ, ਸ਼ੁਭਦੀਪ ਸਿੰਘ ਅਤੇ ਸ਼ਰਨਦੀਪ ਸਿੰਘ ਪੁੱਤਰਾਨ ਗੁਰਪ੍ਰੀਤ ਸਿੰਘ ਗੋਰਾ ਸਤੰਬਰ ਨੂੰ ਸਵੇਰੇ ਆਪਣੀ ਕਾਰ ’ਤੇ ਲੈ ਕੇ ਗਏ ਸਨ।
ਇਹ ਵੀ ਪੜ੍ਹੋ- ਕੇਸ ਦੀ ਸੁਣਵਾਈ ਦੌਰਾਨ ਵਕੀਲ ਨੂੰ ਆ ਗਿਆ ਹਾਰਟ ਅਟੈਕ, ਅਦਾਲਤ 'ਚ ਹੀ ਡਿੱਗੇ ਹੇਠਾਂ, ਹੋ ਗਈ ਮੌਤ
ਉਹ ਮਲੋਟ ਦੇ ਨਿੱਜੀ ਕਾਲਜ ’ਚ ਹੋ ਰਹੀਆਂ ਚੋਣਾਂ ਵਿਚ ਲੜਾਈ-ਝਗੜੇ ਕਰ ਕੇ ਗੁਰਪ੍ਰੀਤ ਸਿੰਘ ਗੋਪੀ ਨੂੰ ਨਾਲ ਲੈ ਗਏ, ਜਿਸ ਤੋਂ ਬਾਅਦ ਉਕਤਾਨ ਮੁਲਜ਼ਮਾਂ ਨੇ ਗੁਰਪ੍ਰੀਤ ਸਿੰਘ ਨੂੰ ਚਿੱਟੇ ਦਾ ਟੀਕਾ ਲਾ ਦਿੱਤਾ, ਜਿਸ ਕਰ ਕੇ ਉਸ ਦੀ ਮੌਤ ਹੋ ਗਈ ਤੇ ਸ਼ਾਮ ਨੂੰ 6 ਵਜੇ ਲਵਦੀਪ ਸਿੰਘ ਇਕ ਹੋਰ ਮੁੰਡੇ ਰਵਿੰਦਰ ਸਿੰਘ ਰਵੀ ਪੁੱਤਰ ਵਿਜੇ ਪਾਲ ਵਾਸੀ ਦਾਨੇਵਾਲਾ ਨਾਲ ਮੋਟਰਸਾਈਕਲ ’ਤੇ ਘਰ ਛੱਡ ਗਏ। ਉਸ ਵਕਤ ਉਨ੍ਹਾਂ ਪਿੰਡ ’ਚੋਂ ਇਕ ਡਾਕਟਰ ਨੂੰ ਬੁਲਾਇਆ ਪਰ ਉਸ ਤੋਂ ਪਹਿਲਾਂ ਹੀ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ।
ਸਰਬਜੀਤ ਕੌਰ ਨੇ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਦਾ ਕਾਰਨ ਉਕਤ ਗੁਰਪ੍ਰੀਤ ਗੋਰਾ, ਉਸ ਦਾ ਭਰਾ ਲਵਦੀਪ ਸਿੰਘ ਲੱਭੂ ਅਤੇ ਸ਼ਰਨਜੀਤ ਅਤੇ ਸ਼ੁਭਦੀਪ ਹਨ, ਜਿਨ੍ਹਾਂ ਨੇ ਉਸ ਦੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਾਇਆ। ਉਨ੍ਹਾਂ ਪੁਲਸ ਤੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿਚ ਲੰਬੀ ਪੁਲਸ ਨੇ ਗੁਰਪ੍ਰੀਤ ਗੋਰਾ, ਲਵਦੀਪ ਲੱਭੂ ਸ਼ਰਨਜੀਤ ਅਤੇ ਸ਼ੁਭਦੀਪ ਸਿੰਘ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੜ੍ਹਾਈ ਪੂਰੀ ਕਰ ਕੇ ਕੰਮ ਲੱਭ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਸ਼ਰੇਆਮ ਦਿਲ 'ਚ ਚਾਕੂ ਉਤਾਰ ਕੇ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e