ਕੇਂਦਰੀ ਜੇਲ੍ਹ ਫਰੀਦਕੋਟ ‘ਚ ਬੰਦੀ ਨਾਲ ਮੁਲਾਕਾਤ ਲਈ ਆਈ ਪਤਨੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ
Tuesday, Mar 10, 2026 - 05:43 PM (IST)
ਫਰੀਦਕੋਟ (ਰਾਜਨ) : ਕੇਂਦਰੀ ਜੇਲ੍ਹ ਫਰੀਦਕੋਟ ਵਿਚ ਇਕ ਬੰਦੀ ਨਾਲ ਮੁਲਾਕਾਤ ਲਈ ਆਈ ਉਸਦੀ ਪਤਨੀ ਅਤੇ ਇਕ ਵਿਅਕਤੀ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਣ ‘ਤੇ ਪੁਲਸ ਨੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਨੇ ਪੱਤਰ ਨੰਬਰ 3015/ਐਸ.ਯੂ.ਟੀ ਰਾਹੀਂ ਥਾਣਾ ਸਿਟੀ ਫਰੀਦਕੋਟ ਨੂੰ ਸੂਚਿਤ ਕੀਤਾ ਕਿ ਜੇਲ੍ਹ ਵਿਚ ਬੰਦ ਜਸਵਿੰਦਰ ਸਿੰਘ ਵਾਸੀ ਜ਼ਿਲ੍ਹਾ ਫਾਜ਼ਿਲਕਾ ਨਾਲ ਮੁਲਾਕਾਤ ਕਰਨ ਲਈ ਉਸਦੀ ਪਤਨੀ ਪਰਮਜੀਤ ਕੌਰ ਅਤੇ ਲਖਵਿੰਦਰ ਸਿੰਘ ਵਾਸੀ ਜੰਮੂ ਬਸਤੀ, ਫਾਜ਼ਿਲਕਾ ਕੇਂਦਰੀ ਜੇਲ੍ਹ ਫਰੀਦਕੋਟ ਆਏ ਸਨ।
ਮੁਲਾਕਾਤ ਤੋਂ ਪਹਿਲਾਂ ਕੀਤੀ ਗਈ ਤਲਾਸ਼ੀ ਦੌਰਾਨ ਪਰਮਜੀਤ ਕੌਰ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਇਸ ਤੋਂ ਇਲਾਵਾ ਨਾਲ ਆਏ ਲਖਵਿੰਦਰ ਸਿੰਘ ਦੀ ਤਲਾਸ਼ੀ ਦੌਰਾਨ ਉਸ ਕੋਲੋਂ 18 ਕੂਲਲਿਪ ਬਰਾਮਦ ਹੋਈਆਂ। ਜੇਲ੍ਹ ਅਧਿਕਾਰੀਆਂ ਵੱਲੋਂ ਦੋਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਵੱਲੋਂ ਐੱਨ.ਡੀ.ਪੀ.ਐੱਸ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਸਿਟੀ ਫਰੀਦਕੋਟ ਵਿਚ ਬੰਦੀ ਜਸਵਿੰਦਰ ਸਿੰਘ, ਉਸਦੀ ਪਤਨੀ ਪਰਮਜੀਤ ਕੌਰ ਅਤੇ ਲਖਵਿੰਦਰ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
