ਜਿਊਲਰੀ ਸ਼ਾਪ ’ਤੇ ਗਾਹਕ ਬਣ ਕੇ ਆਇਆ ਨੌਜਵਾਨ ਸੋਨੇ ਦੇ ਗਹਿਣੇ ਲੈ ਕੇ ਹੋਇਆ ਫ਼ਰਾਰ, CCTV ’ਚ ਕੈਦ
Tuesday, Sep 14, 2021 - 01:32 AM (IST)
ਜਲੰਧਰ(ਜ. ਬ.,ਸੁਨੀਲ)– ਗੜ੍ਹਾ ਇਲਾਕੇ ਵਿਚ ਦਿਨ-ਦਿਹਾੜੇ ਜਿਊਲਰੀ ਸ਼ਾਪ ’ਤੇ ਗਾਹਕ ਬਣ ਕੇ ਆਇਆ ਨੌਜਵਾਨ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਿਆ। ਮੁਲਜ਼ਮ ਆਪਣੇ ਸਾਥੀ ਸਮੇਤ ਹਾਂਡਾ ਸਿਟੀ ਕਾਰ ਵਿਚ ਆਇਆ ਸੀ। ਉਸਦਾ ਸਾਥੀ ਦੁਕਾਨ ਦੇ ਬਾਹਰ ਹੀ ਕਾਰ ਨੂੰ ਸਟਾਰਟ ਰੱਖ ਕੇ ਖੜ੍ਹਾ ਰਿਹਾ। ਦੁਕਾਨਦਾਰ ਨੇ ਮੁਲਜ਼ਮ ਦਾ ਪਿੱਛਾ ਕੀਤਾ ਪਰ ਉਹ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਥਾਣਾ ਨੰਬਰ 7 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ- ਅੰਮਿ੍ਰਤਸਰ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਅੰਤਰਰਾਸ਼ਟਰੀ ਨੈੱਟਵਰਕ ਦਾ ਪਰਦਾਫਾਸ਼, ਇਕ ਕਾਬੂ
ਜਾਣਕਾਰੀ ਦਿੰਦਿਆਂ ਭਾਰਦਵਾਜ ਜਿਊਲਰ ਦੇ ਮਾਲਕ ਅਨਿਲ ਭਾਰਦਵਾਜ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੀ ਦੁਕਾਨ ’ਤੇ ਮੌਜੂਦ ਸਨ ਕਿ ਚਿੱਟੇ ਰੰਗ ਦੀ ਹਾਂਡਾ ਸਿਟੀ ਕਾਰ ਵਿਚੋਂ ਉਤਰ ਕੇ ਇਕ ਨੌਜਵਾਨ ਦੁਕਾਨ ਦੇ ਅੰਦਰ ਆ ਗਿਆ। ਉਸਦਾ ਇਕ ਸਾਥੀ ਕਾਰ ਵਿਚ ਹੀ ਬੈਠਾ ਸੀ। ਗਾਹਕ ਬਣ ਕੇ ਆਏ ਨੌਜਵਾਨ ਨੇ ਉਸਨੂੰ ਸੋਨੇ ਦੀ ਚੇਨ ਤੇ ਅੰਗੂਠੀ ਦਿਖਾਉਣ ਲਈ ਕਿਹਾ। ਕੁਝ ਚੇਨ ਤੇ ਅੰਗੂਠੀਆਂ ਦੇਖਣ ਤੋਂ ਬਾਅਦ ਅਚਾਨਕ ਉਕਤ ਨੌਜਵਾਨ ਉੱਠਿਆ ਅਤੇ 2 ਸੋਨੇ ਦੀਆਂ ਚੇਨ ਅਤੇ ਇਕ ਅੰਗੂਠੀ ਲੈ ਕੇ ਤੁਰੰਤ ਦੁਕਾਨ ਵਿਚੋਂ ਬਾਹਰ ਭੱਜ ਗਿਆ। ਉਸਨੇ ਨੌਜਵਾਨ ਦਾ ਪਿੱਛਾ ਵੀ ਕੀਤਾ ਪਰ ਉਹ ਹਾਂਡਾ ਸਿਟੀ ਕਾਰ ਵਿਚ ਬੈਠ ਕੇ ਫ਼ਰਾਰ ਹੋ ਗਿਆ।
ਇਸ ਬਾਰੇ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਤਾਂ ਵਾਰਦਾਤ ਕੈਮਰਿਆਂ ਵਿਚ ਕੈਦ ਹੋ ਗਈ ਸੀ। ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਸਦਾ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪੁਲਸ ਨੇ ਅਨਿਲ ਭਾਰਦਵਾਜ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਥਾਣਾ ਨੰਬਰ 7 ਦੇ ਇੰਚਾਰਜ ਗਗਨਦੀਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਕਰਵਾਈ ਜਾ ਰਹੀ ਹੈ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।