ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
Tuesday, Mar 27, 2018 - 05:55 AM (IST)

ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਆਪਸੀ ਰੰਜਿਸ਼ ਕਾਰਨ ਆਪਣੇ ਹੀ ਪਿੰਡ ਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਹੱਤਿਆ ਕਰਨ ਦੀ ਖਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਸੰਧੂਆਂ ਦੇ 22 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਨੂੰ ਅੱਜ ਦੁਪਹਿਰ ਗੁਰਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਆਪਣੀ ਲਾਇਸੈਂਸੀ ਦੋਨਾਲੀ ਨਾਲ ਦੋ ਫਾਇਰ ਕਰਕੇ ਉਸ ਵੇਲੇ ਮਾਰ ਦਿੱਤਾ, ਜਦੋਂ ਜਸਪ੍ਰੀਤ ਆਪਣੇ ਦੋਸਤ ਲਵਪ੍ਰੀਤ ਸਿੰਘ ਉਰਫ ਲਵਲੀ ਨਾਲ ਪੈਦਲ ਹੀ ਗੁਰਿੰਦਰ ਸਿੰਘ ਦੇ ਘਰ ਅੱਗੋਂ ਲੰਘ ਕੇ ਜਾ ਰਿਹਾ ਸੀ। ਜਸਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਘਟਨਾ ਵਾਲੀ ਥਾਂ 'ਤੇ ਉਪਰੋਕਤ ਅਧਿਕਾਰੀ ਤੋਂ ਇਲਾਵਾ ਐੱਸ. ਐੱਸ. ਪੀ. ਰਾਜ ਬਚਨ ਸਿੰਘ ਸੰਧੂ, ਸੀ. ਆਈ. ਸਟਾਫ ਤੋਂ ਇੰਸਪੈਕਟਰ ਅਤੁਲ ਸੋਨੀ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪੁੱਜੇ। ਜਸਪ੍ਰੀਤ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਸਦੇ ਲੜਕੇ ਦਾ ਐਕਸੀਡੈਂਟ ਹੋਇਆ ਸੀ। ਉਹ ਆਪਣੇ ਉਪਰੋਕਤ ਦੋਸਤ ਦੇ ਮੋਟਰਸਾਈਕਲ 'ਤੇ ਦਵਾਈ ਲੈਣ ਲਈ ਸ੍ਰੀ ਚਮਕੌਰ ਸਾਹਿਬ ਨੂੰ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਗੁਰਿੰਦਰ ਦੇ ਪਰਿਵਾਰ ਨਾਲ ਉਨ੍ਹਾਂ ਦਾ ਝਗੜਾ ਹੋਇਆ ਸੀ। ਦਿਨ-ਦਿਹਾੜੇ ਹੋਈ ਘਟਨਾ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਪੁਲਸ ਨੇ ਜਾਣਕਾਰੀ ਦੇਣ ਤੋਂ ਕੀਤੀ ਢਿੱਲਮੱਠ
ਜ਼ਿਕਰਯੋਗ ਹੈ ਕਿ ਪੁਲਸ ਇਸ ਘਟਨਾ ਨੂੰ ਇੰਨਾ ਸੰਗੀਨ ਮੰਨ ਰਹੀ ਹੈ ਕਿ ਇਸ ਦੀ ਜਾਣਕਾਰੀ ਸਥਾਨਕ ਥਾਣੇ ਤੋਂ ਇਲਾਵਾ ਹੋਰ ਕਿਸੇ ਵੀ ਅਧਿਕਾਰੀ ਨੂੰ ਦੇਣ ਲਈ ਤਿਆਰ ਨਹੀਂ ਸੀ। ਅੰਤ ਵਿਚ ਐੱਸ. ਐੱਸ. ਪੀ. ਰਾਜਬਚਨ ਸਿੰਘ ਸੰਧੂ ਦੇ ਹੁਕਮ ਸਦਕਾ ਉਪਰੋਕਤ ਜਾਣਕਾਰੀ ਅਧਿਕਾਰੀ ਨੇ ਦਿੱਤੀ।