ਭੇਤਭਰੀ ਹਾਲਤ ''ਚ ਨੌਜਵਾਨ ਲਾਪਤਾ, ਖੁਦਕੁਸ਼ੀ ਨੋਟ ਦੇ ਆਧਾਰ ''ਤੇ ਸਕੇ ਭਰਾ-ਭੈਣ ਤੇ ਦੋਸਤ ਖਿਲਾਫ ਮਾਮਲਾ ਦਰਜ
Thursday, Nov 09, 2017 - 01:00 PM (IST)
ਬਨੂੜ (ਗੁਰਪਾਲ)-ਬਨੂੜ ਨੇੜਲੇ ਪਿੰਡ ਧਰਮਗੜ੍ਹ ਦੇ ਇਕ ਪੂਰਨ ਗੁਰਸਿੱਖ 35 ਸਾਲਾ ਨੌਜਵਾਨ ਦੇ 4 ਨਵੰਬਰ ਤੋਂ ਭੇਤਭਰੀ ਹਾਲਤ 'ਚ ਲਾਪਤਾ ਹੋ ਜਾਣ ਦਾ ਸਮਾਚਾਰ ਹੈ। ਬਨੂੜ ਪੁਲਸ ਨੇ ਲਾਪਤਾ ਨੌਜਵਾਨ ਦੀ ਪਤਨੀ ਦੇ ਬਿਆਨਾਂ ਮੁਤਾਬਕ ਘਰੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ 'ਤੇ ਲਾਪਤਾ ਨੌਜਵਾਨ ਦੇ ਭਰਾ-ਭੈਣ ਅਤੇ ਭਰਾ ਦੇ ਦੋਸਤ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਬਨੂੜ 'ਚ ਦਿੱਤੇ ਬਿਆਨਾਂ ਵਿਚ ਲਾਪਤਾ ਨੌਜਵਾਨ ਹਰਿੰਦਰ ਸਿੰਘ ਦੀ ਪਤਨੀ ਰਜਿੰਦਰ ਕੌਰ ਨੇ ਕਿਹਾ ਕਿ ਉਹ ਅਤੇ ਉਸ ਦਾ 11 ਸਾਲ ਦਾ ਪੁੱਤਰ 4 ਨਵੰਬਰ ਨੂੰ ਆਪਣੇ ਪੇਕੇ ਘਰ ਚੰਡੀਗੜ੍ਹ ਗਈ ਹੋਈ ਸੀ। ਉਸ ਦਾ ਪਤੀ ਘਰ ਵਿਚ ਇਕੱਲਾ ਹੀ ਸੀ। ਉਹ 4 ਨਵੰਬਰ ਨੂੰ ਘਰੋਂ ਮੋਟਰਸਾਈਕਲ ਲੈ ਕੇ ਚਲਾ ਗਿਆ। ਜਦੋਂ ਉਹ ਵਾਪਸ ਆਈ ਤਾਂ ਉਹ ਘਰ ਵਿਚ ਨਹੀਂ ਸੀ। ਜਦੋਂ ਉਹ ਆਪਣੇ ਬੈੱਡਰੂਮ ਵਿਚ ਗਈ ਤਾਂ ਉਸ ਦੇ ਪਤੀ ਦਾ ਪੰਜਾਬੀ ਵਿਚ ਲਿਖਿਆ ਖੁਦਕੁਸ਼ੀ ਨੋਟ ਪਿਆ ਸੀ, ਜਿਸ 'ਚ ਉਸ ਨੇ ਲਿਖਿਆ ਕਿ ਉਹ ਮਜਬੂਰੀ ਵਿਚ ਇਹ ਕਦਮ ਚੁੱਕ ਰਿਹਾ ਹੈ ਕਿਉਂਕਿ ਉਸ ਦਾ ਛੋਟਾ ਭਰਾ ਗੁਰਪ੍ਰੀਤ ਸਿੰਘ, ਭੈਣ ਸੁਖਵਿੰਦਰ ਕੌਰ ਤੇ ਭਰਾ ਦਾ ਦੋਸਤ ਸਾਗਰ ਪੁੱਤਰ ਅਵਤਾਰ ਖਾਂ ਵਾਸੀ ਮਨੌਲੀ ਸੂਰਤ ਉਸ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰਦੇ ਹਨ।
ਉਸ ਨੇ ਲਿਖਿਆ ਕਿ ਉਹ ਇਕ ਪੰਚਾਇਤੀ ਫੈਸਲੇ ਦੀ ਕਾਪੀ ਆਪਣੇ ਹਿਸਾਬ ਨਾਲ ਇਸਤੇਮਾਲ ਕਰ ਰਹੇ ਹਨ। ਜਦੋਂ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਏ. ਐੱਸ. ਆਈ. ਮੋਹਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਦਾ ਆਪਣੇ ਭਰਾ ਨਾਲ 25 ਹਜ਼ਾਰ ਰੁਪਏ ਲੈਣ-ਦੇਣ ਦਾ ਮਾਮਲਾ ਸੀ, ਜਿਸ ਕਾਰਨ ਉਸ ਦਾ ਭਰਾ ਉਸ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
