ਟਰੈਕਟਰ ਚਾਲਕ ਨੇ ਨੌਜਵਾਨ ਨੂੰ ਮਾਰੀ ਟੱਕਰ, ਹਸਪਤਾਲ ਲਿਜਾਣ ਦੀ ਬਜਾਏ ਖੇਤਾਂ ’ਚ ਸੁੱਟਿਆ, ਲਾਸ਼ ਕੁੱਤਿਆਂ ਨੇ ਨੋਚੀ
Thursday, Jul 20, 2023 - 12:42 AM (IST)

ਸੰਗਤ ਮੰਡੀ (ਮਨਜੀਤ) : ਬਠਿੰਡਾ-ਡੱਬਵਾਲੀ ਰੋਡ ’ਤੇ ਪੈਂਦੇ ਪਿੰਡ ਡੂੰਮਵਾਲੀ ਨੇੜੇ ਬੀਤੀ ਰਾਤ ਅਣਪਛਾਤੇ ਟਰੈਕਟਰ ਚਾਲਕ ਨੇ ਕੰਮ ਤੋਂ ਘਰ ਜਾ ਰਹੇ ਪੈਟਰੋਲ ਪੰਪ ਦੇ ਮੈਨੇਜਰ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਨਸਾਨੀਅਤ ਨੂੰ ਸ਼ਰਮਸਾਰ ਕਰਦਿਆਂ ਟਰੈਕਟਰ ਚਾਲਕ ਵੱਲੋਂ ਜ਼ਖ਼ਮੀ ਮੈਨੇਜਰ ਨੂੰ ਚੁੱਕ ਕੇ ਹਸਪਤਾਲ ਲਿਜਾਣ ਦੀ ਬਜਾਏ ਢਾਈ ਕਿਲੋਮੀਟਰ ਪਿੱਛੇ ਨਰ ਸਿੰਘ ਕਾਲੋਨੀ ਨੇੜੇ ਸੜਕ ਕੰਢੇ ਖੇਤਾਂ ’ਚ ਸੁੱਟ ਦਿੱਤਾ, ਜਿੱਥੇ ਮੈਨੇਜਰ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਥੇ ਉਸ ਦੇ ਸਰੀਰ ਨੂੰ ਅਵਾਰਾ ਕੁੱਤਿਆਂ ਨੇ ਨੋਚ ਦਿੱਤਾ।
ਇਹ ਵੀ ਪੜ੍ਹੋ : ਉੱਜ ਦਰਿਆ 'ਚ ਪਾਣੀ ਛੱਡੇ ਜਾਣ ਮਗਰੋਂ ਮੌਕੇ 'ਤੇ ਪਹੁੰਚੇ ਮੰਤਰੀ ਧਾਲੀਵਾਲ, ਕਿਹਾ- ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ
ਪੁਲਸ ਚੌਕੀ ਪਥਰਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨਵਨੀਤ ਕੁਮਾਰ (42) ਪੁੱਤਰ ਦੁਨੀ ਚੰਦ ਵਾਸੀ ਮੰਡੀ ਡੱਬਵਾਲੀ ਸੰਗਤ ਕੈਂਚੀਆਂ ਨੇੜੇ ਬਣੇ ਪੈਟਰੋਲ ਪੰਪ ਦਾ ਮੈਨੇਜਰ ਸੀ। ਬੀਤੀ ਸ਼ਾਮ ਉਹ ਕੰਮ ਤੋਂ ਮੋਟਰਸਾਈਕਲ ’ਤੇ ਆਪਣੇ ਘਰ ਜਾ ਰਿਹਾ ਸੀ, ਜਦ ਉਹ ਉਕਤ ਪਿੰਡ ਨੇੜੇ ਪਹੁੰਚਿਆਂ ਤਾਂ ਉਸ ਨੂੰ ਕਿਸੇ ਅਣਪਛਾਤੇ ਟਰੈਕਟਰ ਚਾਲਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਵੱਲੋਂ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ ਜ਼ਖ਼ਮੀ ਨੌਜਵਾਨ ਨੂੰ ਚੁੱਕ ਕੇ ਢਾਈ ਕਿਲੋਮੀਟਰ ਡੱਬਵਾਲੀ ਵਾਲੇ ਪਾਸੇ ਨਰ ਸਿੰਘ ਕਾਲੋਨੀ ਨੇੜੇ ਸੜਕ ਕੰਢੇ ਖੇਤਾਂ ’ਚ ਸੁੱਟ ਦਿੱਤਾ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਅਵਾਰਾ ਕੁੱਤਿਆਂ ਨੇ ਵੀ ਲਾਸ਼ ਨੂੰ ਨੋਚਿਆ। ਸਵੇਰ ਸਮੇਂ ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦ ਨੌਜਵਾਨ ਘਰ ਵਾਪਸ ਨਾ ਆਇਆ। ਭਾਲ ਕਰਨ 'ਤੇ ਕੁੱਤਿਆਂ ਵੱਲੋਂ ਨੋਚੀ ਹੋਈ ਲਾਸ਼ ਮਿਲੀ।
ਇਹ ਵੀ ਪੜ੍ਹੋ : ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਨਿਆਇਕ ਹਿਰਾਸਤ ’ਚ ਭੇਜਿਆ, ਹੁਣ ਇੰਨੇ ਦਿਨ ਕੱਟਣੇ ਪੈਣਗੇ ਜੇਲ੍ਹ 'ਚ
ਪੁਲਸ ਵੱਲੋਂ ਸਹਾਰਾ ਵਰਕਰਾਂ ਦੀ ਮਦਦ ਨਾਲ ਲਾਸ਼ ਚੁੱਕ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਪਹੁੰਚਾਈ ਗਈ। ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਅਣਪਛਾਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8