ਪੰਜਾਬ ''ਚ ਕਾਂਗਰਸੀ ਆਗੂ ਦੇ ਭਤੀਜੇ ਨੂੰ ਮਾਰੀ ਗੋਲ਼ੀ! ਮਜੀਠੀਆ ਨੇ ਘੇਰੀ ''ਆਪ'' ਸਰਕਾਰ
Wednesday, Mar 18, 2026 - 05:40 PM (IST)
ਅੰਮ੍ਰਿਤਸਰ (ਵੈੱਬ ਡੈਸਕ): ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਇਕ ਵਾਰ ਫਿਰ ਗੋਲੀਆਂ ਦੀ ਆਵਾਜ਼ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਹੋਈ ਤਾਜ਼ਾ ਵਾਰਦਾਤ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ 'ਤੇ ਤਿੱਖੇ ਸਵਾਲ ਖੜ੍ਹੇ ਕੀਤੇ ਹਨ।
ਬਿਕਰਮ ਮਜੀਠੀਆ ਅਨੁਸਾਰ, ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਵਿਚ ਦੇਰ ਰਾਤ ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ ਨੂੰ ਨਿਸ਼ਾਨਾ ਬਣਾਇਆ ਗਿਆ। ਵਾਰਦਾਤ ਉਸ ਸਮੇਂ ਹੋਈ ਜਦੋਂ ਉਹ ਕੁੱਤਿਆਂ ਨੂੰ ਖਾਣਾ ਖਵਾ ਰਿਹਾ ਸੀ, ਉਸੇ ਦੌਰਾਨ ਹਮਲਾਵਰਾਂ ਨੇ ਉਸ ਦੇ ਪੇਟ ਵਿਚ ਗੋਲ਼ੀ ਮਾਰ ਦਿੱਤੀ। ਮਜੀਠੀਆ ਨੇ ਇਸ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਨੂੰ ਕਈ ਸਵਾਲ ਕੀਤੇ ਹਨ: ਉਨ੍ਹਾਂ ਪੁੱਛਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ UPSC ਨੂੰ ਪੈਨਲ ਕਿਉਂ ਨਹੀਂ ਭੇਜਿਆ ਜਾ ਰਿਹਾ ਅਤੇ ਸੂਬੇ ਵਿਚ ਸਥਾਈ ਡੀ.ਜੀ.ਪੀ. ਦੀ ਨਿਯੁਕਤੀ ਕਿਉਂ ਨਹੀਂ ਕੀਤੀ ਜਾ ਰਹੀ? ਉਨ੍ਹਾਂ ਨੇ ਮੌਜੂਦਾ ਡੀ.ਜੀ.ਪੀ. ਨੂੰ 'ਐਡਹਾਕ' ਡੀ.ਜੀ.ਪੀ. ਕਰਾਰ ਦਿੱਤਾ।
👉ਇੱਕ ਵਾਰ ਫਿਰ ਗੋਲੀਆਂ ਦੀ ਆਵਾਜ਼ ਨਾਲ ਦਿਹਲੀ ਗੁਰੂ ਕੀ ਨਗਰੀ।
— Bikram Singh Majithia (@bsmajithia) March 18, 2026
👉 ਸਾਬਕਾ ਕਾਂਗਰਸੀ ਕੌਂਸਲਰ ਲਖਨਪਾਲ ਦੇ ਭਤੀਜੇ ਦੇ ਪੇਟ 'ਚ ਲੱਗੀ ਗੋਲੀ।
👉 ਸ੍ਰੀ ਅੰਮ੍ਰਿਤਸਰ ਸਾਹਿਬ ਦੇ ਛੇਹਰਟਾ ਇਲਾਕੇ ਵਿੱਚ ਦੇਰ ਰਾਤ ਜਦ ਕੁੱਤਿਆਂ ਨੂੰ ਖਾਣਾ ਖਵਾ ਰਹੇ ਸਨ ਉਸ ਸਮੇਂ ਵਾਰਦਾਤ ਨੂੰ ਦਿੱਤਾ ਗਿਆ ਅੰਜ਼ਾਮ।
👉ਭਗਵੰਤ ਮਾਨ ਜੀ ਅਤੇ ADHOC DGP ਸਾਬ੍ਹ ਕਦੋਂ ਤੱਕ… pic.twitter.com/526JAIT7UA
ਮਜੀਠੀਆ ਨੇ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇੱਥੇ ਅਮਨ-ਕਾਨੂੰਨ ਦੀ ਸਥਿਤੀ ਦਾ ਸਹੀ ਰਹਿਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਪੁਲਸ ਜਾਂ ਤਾਂ ਸਿਆਸੀ ਵਿਰੋਧੀਆਂ ਨੂੰ ਚੁੱਪ ਕਰਵਾਉਣ ਵਿਚ ਲੱਗੀ ਹੋਈ ਹੈ ਜਾਂ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਸੁਰੱਖਿਆ ਵਿਚ ਮਸਰੂਫ ਹੈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਵਿਚ ਆਮ ਨਾਗਰਿਕ ਦੀ ਜਾਨ ਦੀ ਕੋਈ ਅਹਿਮੀਅਤ ਨਹੀਂ ਰਹਿ ਗਈ। ਬਿਕਰਮ ਮਜੀਠੀਆ ਨੇ ਸੂਬੇ ਦੇ ਮੌਜੂਦਾ ਹਾਲਾਤ 'ਤੇ ਬੋਲਦਿਆਂ ਕਿਹਾ ਕਿ "ਪੰਜਾਬ ਰੱਬ ਆਸਰੇ ਹੀ ਚੱਲ ਰਿਹਾ ਹੈ"। ਉਨ੍ਹਾਂ ਪੁੱਛਿਆ ਕਿ ਆਖਿਰ ਕਦੋਂ ਤੱਕ ਪੰਜਾਬ ਦੇ ਲੋਕ ਆਪਣੇ ਹੀ ਸੂਬੇ ਵਿਚ ਅਸੁਰੱਖਿਅਤ ਮਹਿਸੂਸ ਕਰਦੇ ਰਹਿਣਗੇ?
