ਵਿਆਹ ਤੋਂ ਪਰਤ ਰਿਹਾ ਨੌਜਵਾਨ ਆਇਆ ਟ੍ਰੈਕਟਰ ਥੱਲੇ, ਸੜਕ ’ਤੇ ਪਾਣੀ ਵਾਂਗ ਵਗਿਆ ਖੂਨ, ਲੋਕ ਦੇਖਦੇ ਰਹੇ ਤਮਾਸ਼ਾ
Monday, Dec 12, 2022 - 12:00 PM (IST)
ਫਾਜ਼ਿਲਕਾ (ਨਾਗਪਾਲ) : ਫਾਜ਼ਿਲਾ-ਫਿਰੋਜ਼ਪੁਰ ਹਾਈਵੇ 'ਤੇ ਵਾਪਰੇ ਭਿਆਨਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ 'ਤੇ ਪੈਂਦੇ ਪਿੰਡ ਰਾਣਾ ਮੌੜ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਬੁਲਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਿਆਹ ਸਮਾਗਮ 'ਤੇ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਜਾ ਰਿਹਾ ਸੀ ਤਾਂ ਇਕ ਟਰੈਕਟਰ ਉਸਦੇ ਉੱਪਰ ਚੜ੍ਹ ਗਿਆ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਉਸ ਨੂੰ ਖ਼ੂਨ 'ਚ ਲੱਥ-ਪੱਥ ਅਤੇ ਤੜਫ਼ਦਾ ਵੇਖ ਰਾਹ ਜਾਂਦਾ ਕੋਈ ਵੀ ਵਿਅਕਤੀ ਉਸ ਦੀ ਮਦਦ ਲਈ ਨਹੀਂ ਆਇਆ ਅਤੇ ਉਹ ਸੜਕ ਕਿਨਾਰੇ ਪਿਆ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦਾ ਰਿਹਾ।
ਇਹ ਵੀ ਪੜ੍ਹੋ- ਕੈਨੇਡਾ ਤੋਂ ਫਿਰ ਆਈ ਦਰਦਨਾਕ ਖ਼ਬਰ, ਮਾਪਿਆਂ ਦੇ 26 ਸਾਲਾ ਪੁੱਤ ਦੀ ਹਾਦਸੇ 'ਚ ਹੋਈ ਮੌਤ
ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਇਨਸਾਨੀਅਤ ਦਿਖਾਉਂਦਿਆਂ ਮੌਕੇ ਤੋਂ ਲੰਘ ਰਹੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਨੌਜਵਾਨ ਨੂੰ ਤੜਫਦਿਆਂ ਦੇਖ ਗੱਡੀ ਰੋਕੀ ਤੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ 'ਚ ਸਰਕਾਰੀ ਹਸਪਤਾਲ ਲਿਆਂਦਾ। ਜਿੱਥੇ ਡਾਕਟਰ ਨੇ ਕਿਹਾ ਕਿ ਐਕਸੀਡੈਂਟ ਹੋਏ ਨੂੰ ਕਾਫ਼ੀ ਸਮਾਂ ਬੀਤ ਜਾਣ ਕਾਰਨ ਨੌਜਵਾਨ ਦਾ ਕਾਫ਼ੀ ਖ਼ੂਨ ਵਹਿ ਗਿਆ ਹੈ ਅਤੇ ਉਸ ਦੀ ਹਾਲਤ ਨੂੰ ਗੰਭੀਰ ਦੱਸਦਿਆਂ ਉਨ੍ਹਾਂ ਨੌਜਵਾਨ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਫਰੀਦਕੋਟ ਜਾਂਦੇ ਹੋਏ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਨੌਜਵਾਨ ਨੇ ਦਮ ਤੋੜ ਦਿੱਤਾ। ਸ਼ਾਇਦ ਜੇਕਰ ਕੋਈ ਉਸ ਨੂੰ ਸਮੇਂ ਸਿਰ ਹਸਪਤਾਲ ਲੈ ਜਾਂਦਾ ਤਾਂ ਨੌਜਵਾਨ ਦੀ ਜਾਨ ਬਚ ਜਾਣੀ ਸੀ।
ਇਹ ਵੀ ਪੜ੍ਹੋ- ਬਠਿੰਡਾ ’ਚ ਵੱਡੀ ਵਾਰਦਾਤ, ਅੱਧੀ ਰਾਤ ਨੂੰ ਮਾਂ-ਪੁੱਤ ਦੀ ਬੇਰਹਿਮੀ ਨਾਲ ਵੱਢ ਟੁੱਕ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।