ਭਿਆਨਕ ਹਾਦਸੇ ''ਚ 22 ਸਾਲਾ ਨੌਜਵਾਨ ਦੀ ਮੌਤ

06/22/2018 4:48:32 PM

ਭੀਖੀ (ਸੰਦੀਪ) : ਸ਼ਹਿਰ ਤੋਂ ਲਗਭਗ 5 ਕਿਲੋਮੀਟਰ ਦੂਰ ਸੁਨਾਮ ਰੋਡ ਸਥਿਤ ਜੱਸੜ ਢਾਬੇ ਨੇੜੇ ਹੋਈ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਭੀਖੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਬਖਸ਼ੀਸ਼ ਸਿੰਘ (22) ਪੁੱਤਰ ਅਜੈਬ ਸਿੰਘ ਵਾਸੀ ਵਾਰਡ ਨੰ: 8 ਚੀਮਾਂ ਮੰਡੀ (ਸੰਗਰੂਰ) ਆਪਣੇ ਮੋਟਰਸਾਈਕਲ 'ਤੇ ਭੀਖੀ ਵੱਲ ਆ ਰਿਹਾ ਸੀ ਕਿ ਅਚਾਨਕ ਉਸਨੂੰ ਸਾਹਮਣੇ ਤੋਂ ਗਲਤ ਸਾਈਡ ਆ ਰਹੇ ਮੋਟਰਸਾਈਕਲ ਜਿਸਨੂੰ ਜਗਸੀਰ ਸਿੰਘ ਪੁੱਤਰ ਬੱਲਮ ਸਿੰਘ ਵਾਸੀ ਕੋਠੇ ਦੀਵਾਨੇ (ਭੀਖੀ) ਚਲਾ ਰਿਹਾ ਸੀ, ਨੇ ਟੱਕਰ ਮਾਰ ਦਿੱਤੀ। 
ਹਾਦਸੇ 'ਚ ਬਖਸ਼ੀਸ਼ ਸਿੰਘ ਜ਼ਮੀਨ ਉੱਪਰ ਡਿੱਗ ਪਿਆ ਅਤੇ ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ। ਜ਼ਖਮੀ ਹਾਲਤ ਵਿਚ ਉਕਤ ਨੌਜਵਾਨ ਨੂੰ ਸਿਵਲ ਹਸਪਤਾਲ ਮਾਨਸਾ ਲਿਜਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਭੀਖੀ ਪੁਲਸ ਨੇ ਮ੍ਰਿਤਕ ਬਖਸ਼ੀਸ਼ ਸਿੰਘ ਦੀ ਮਾਤਾ ਵਰਿੰਦਰ ਕੌਰ ਦੇ ਬਿਆਨਾਂ 'ਤੇ ਜਗਸੀਰ ਸਿੰਘ ਵਾਸੀ ਵਾਰਡ ਨੰ: 5, ਕੋਠੇ ਦੀਵਾਨੇ (ਭੀਖੀ) ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਮ੍ਰਿਤਕ ਬਖਸ਼ੀਸ਼ ਸਿੰਘ ਕਿਸੇ ਪ੍ਰਾਈਵੇਟ ਨੈੱਟਵਰਕਿੰਗ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਉਸਦੀ ਵਧੀਆ ਕਾਰਗੁਜ਼ਾਰੀ ਬਦਲੇ ਉਸਨੂੰ ਲੁਧਿਆਣਾ ਵਿਖੇ ਕੰਪਨੀ ਵੱਲੋਂ ਸਨਮਾਨਿਤ ਕੀਤਾ ਜਾਣਾ ਸੀ, ਜਿਸ ਲਈ ਉਹ ਤਿਆਰੀਆਂ ਕਰ ਰਿਹਾ ਸੀ ਪ੍ਰੰਤੂ ਉਸ ਤੋਂ ਪਹਿਲਾਂ ਮੌਤ ਨੇ ਉਸਨੂੰ ਆਪਣੇ ਸ਼ਿਕੰਜੇ ਵਿਚ ਲੈ ਲਿਆ।


Related News