ਵਿਸ਼ਵ ਭਰ ’ਚ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸੰਦੇਸ਼ ਦੇਣ ਨਿਕਲੀਆਂ 2 ਪਾਇਲਟ ਸਹੇਲੀਆਂ

07/30/2018 5:08:16 AM

ਪਟਿਆਲਾ, (ਰਾਜੇਸ਼ ਸ਼ਰਮਾ)- ਜਿਸ ਉਮਰ ਵਿਚ ਠੀਕ ਤਰ੍ਹਾਂ ਤੁਰਨਾ ਵੀ ਨਹੀਂ ਸਿੱਖਿਆ ਸੀ, ਉਦੋਂ ਉੱਡਣ ਦਾ ਸੁਪਨਾ ਦੇਖ ਲਿਆ ਸੀ ਆਰੋਹੀ ਪੰਡਤ ਨੇ। ਉਸ ਦੇ ਇਸ ਸੁਪਨੇ ਨੂੰ ਪਰ ਉਸ ਦੇ ਪਰਿਵਾਰ ਨੇ ਲਾਏ। ਉਸ ਨੂੰ ਹਰ ਉਹ ਮੌਕਾ ਮੁਹੱਈਆ ਕਰਵਾਇਆ ਜੋ ਉਸ ਨੂੰ ਆਕਾਸ਼ ਦੀ ਉਡਾਣ ਲਈ ਤਿਆਰ ਕਰਦਾ ਚਲਾ ਗਿਆ ਅਤੇ ਉਹ ਬਣ ਗਈ ਪਾਇਲਟ। ਇਸ ਤਰ੍ਹਾਂ ਸ਼ੁਰੂ ਹੋਇਆ ਉਸ ਲੜਕੀ ਦਾ ਸਫਰ ਜੋ ਅੱਜ ਵਿਸ਼ਵ ਭਰ ਨੂੰ ਸੰਦੇਸ਼ ਦੇਣ ਲਈ 90 ਦਿਨਾਂ ਦੀ ਵਿਸ਼ਵ ਭਰ ਦੀ ਉਡਾਣ 'ਤੇ ਪਟਿਆਲਾ ਤੋਂ ਰਵਾਨਾ ਹੋਈ ਹੈ ਆਪਣੀ ਸਹੇਲੀ ਕੀਥਰ ਨਾਲ। ਮਿਸ਼ਨ ਹੈ ਪੂਰੀ ਦੁਨੀਆ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਸੰਦੇਸ਼ ਦੇਣਾ।
ਮੁੰਬਈ ਨਿਵਾਸੀ ਇਨ੍ਹਾਂ ਸਹੇਲੀਅਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੌਕਾ ਮਿਲਿਆ ਹੈ ਕਿ ਉਹ ਵਿਸ਼ਵ ਭਰ ਵਿਚ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਸੰਦੇਸ਼ ਦੇਣ ਜਾ ਰਹੀ ਹੈ। ਇਨ੍ਹਾਂ ਦਾ ਇਹ ਮਿਸ਼ਨ 90 ਦਿਨ ਤੱਕ ਚੱਲੇਗਾ। ਇਹ ਮੌਸਮ 'ਤੇ ਵੀ ਨਿਰਭਰ ਰਹੇਗਾ। ਮਿਸ਼ਨ ਦੀ ਕਮਾਂਡ ਅਰੋਹੀ ਪੰਡਤ ਸੰਭਾਲਣਗੇ। ਇਸ ਦੌਰਾਨ ਉਨ੍ਹਾਂ ਨਾਲ ਕੀਥਰ ਮਿਸਵਿਕਟਾ ਵੀ ਰਹਿਣਗੇ। ਯਾਤਰਾ ਦੌਰਾਨ ਭਾਰਤੀ ਦੂਤਘਰਾਂ ਰਾਹੀਂ ਇਨ੍ਹਾਂ ਨੂੰ ਮਦਦ ਵੀ ਦਿੱਤੀ ਜਾਵੇਗੀ। ਇਸ ਮਿਸ਼ਨ ਤਹਿਤ ਉਹ 23 ਦੇਸ਼ਾਂ ਤੋਂ ਹੋ ਕੇ ਲੰਘਣਗੇ ਅਤੇ ਕੁੱਲ 40,000 ਕਿਲੋਮੀਟਰ ਦੀ ਯਾਤਰਾ ਕਰਨਗੀਆਂ।
ਦੋਵੇਂ ਜਾਂਬਾਜ਼ ਬੇਟੀਆਂ ਕੋਲ ਹੈ 40 ਘੰਟੇ ਉਡਾਣ ਭਰਨ ਦਾ ਤਜਰਬਾ
ਉਨ੍ਹਾਂ ਦੱਸਿਆ ਕਿ ਜਿਸ ਜਹਾਜ਼ ਵਿਚ ਉਡਾਣ ਭਰਨਗੇ, ਉਸ ਦਾ ਨਾਂ 'ਮਾਹੀ' ਹੈ, ਜੋ ਸਲੋਵੇਨੀਆ ਵਿਚ ਬਣਿਆ ਹੈ। ਇਸ ਵਿਚ 80 ਹਾਰਸ ਪਾਵਰ ਦਾ ਇੰਜਣ ਲੱਗਾ ਹੋਇਆ ਹੈ। ਨਾਲ ਹੀ ਬੈਲਿਸਟਿਕ ਪੈਰਾਸ਼ੂਟ ਵੀ ਦਿੱਤੇ ਗਏ ਹਨ। ਐਮਰਜੈਂਸੀ ਵਿਚ ਪੈਰਾਸ਼ੂਟ ਦੇ ਸਹਾਰੇ ਜਹਾਜ਼ ਨੂੰ ਸੁਰੱਖਿਅਤ ਉਤਾਰਿਆ ਜਾ ਸਕਦਾ ਹੈ। ਇਸ ਦੀ ਜ਼ਿਆਦਾਤਰ ਸਪੀਡ 215 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਜਹਾਜ਼ ਇਕ ਦਿਨ ਵਿਚ 4 ਘੰਟੇ ਹੀ ਉਡਣ ਵਿਚ ਸਹਾਈ ਹੈ। ਇਸ ਮਿਸ਼ਨ ਨੂੰ ਸਰਕਾਰ ਦੀ ਮਦਦ ਵੀ ਮਿਲ ਰਹੀ ਹੈ। ਮੁਹਿੰਮ ਵਿਚ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ ਸਹਿਯੋਗ ਕਰ ਰਿਹਾ ਹੈ।
ਯਾਤਰਾ ਦੌਰਾਨ ਸਾਰੇ ਦੇਸ਼ਾਂ ਵਿਚ ਸਥਿਤ ਭਾਰਤੀ ਦੂਤਘਰਾਂ ਰਾਹੀਂ ਵੀ ਸਹਿਯੋਗ ਦਿੱਤਾ ਜਾਵੇਗਾ। ਦੋਨੋਂ ਜਾਂਬਾਜ਼ ਬੇਟੀਆਂ ਕੋਲ ਇਸ ਜਹਾਜ਼ 'ਤੇ 40 ਘੰਟੇ ਉਡਾਣ ਭਰਨ ਦਾ ਤਜਰਬਾ ਹੈ ਅਤੇ ਉਹ ਯਾਤਰਾ ਦੌਰਾਨ 5 ਹਜ਼ਾਰ ਫੁੱਟ ਦੀ ਉਚਾਈ 'ਤੇ ਹੋਣਗੀਆਂ। ਇਹ ਪੂਰਾ ਸਫਰ 23 ਦੇਸ਼ਾਂ ਤੇ 3 ਮਹਾਦੀਪ ਦਾ ਹੋਵੇਗਾ। 20 ਸਾਲ ਦੀ ਆਰੋਹੀ ਅਤੇ 24 ਸਾਲ ਦੀ ਕੀਥਰ ਦਾ ਕਹਿਣਾ ਹੈ ਕਿ ਇਸ ਯਾਤਰਾ ਨਾਲ ਉਹ ਬੇਟੀਆਂ ਨੂੰ ਐਵੀਏਸ਼ਨ ਖੇਤਰ ਵਿਚ ਆਉਣ ਲਈ ਪ੍ਰੇਰਿਤ ਕਰਨਗੀਆਂ। ਕੀਥਰ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲਾਂਕਿ ਸ਼ੁਰੂ ਵਿਚ ਕਾਫੀ ਡਰ ਲਗਦਾ ਸੀ ਪਰ ਹੌਲੀ-ਹੌਲੀ ਉਸ ਦਾ ਡਰ ਘੱਟ ਹੋਣ ਲੱਗਾ ਅਤੇ ਆਤਮ-ਵਿਸ਼ਵਾਸ ਵਧਦਾ ਗਿਆ। ਉਨ੍ਹਾਂ ਉਮੀਦ ਜਤਾਈ ਕਿ ਇਹ ਮਿਸ਼ਨ ਵਧੀਆ ਤਰੀਕੇ ਨਾਲ ਸਫਲ ਹੋਵੇਗਾ ਅਤੇ ਪੂਰੇ ਸੰਸਾਰ ਵਿਚ ਲੜਕੀਆਂ ਤੇ ਭਾਰਤ ਲਈ ਸਨਮਾਨ ਵਧਾਏਗਾ।
4 ਸਾਲ ਦੀ ਉਮਰ ’ਚ ਤੈਅ ਹੋ ਗਿਆ ਸੀ ਪਾਇਲਟ ਬਣਨਾ : ਅਰੋਹੀ ਪੰਡਤ
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਇਹ ਲੜਕੀਆਂ ਆਪਣੇ ਮਿਸ਼ਨ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੀਆਂ ਸੀ। ਅਰੋਹੀ ਨੇ ਦੱਸਿਆ ਕਿ ਉਸ ਦੇ ਪਿਤਾ ਏਅਰ ਬਿਜ਼ਨੈੱਸ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ। ਜਦੋਂ ਉਹ 4 ਸਾਲ ਦੀ ਸੀ ਤਾਂ ਉਸ ਨੂੰ ਪਹਿਲੀ ਵਾਰ ਹਵਾਈ ਜਹਾਜ਼ 'ਚ ਸਫਰ ਕਰਨਾ ਦਾ ਮੌਕਾ ਮਿਲਿਆ ਸੀ। ਉਦੋਂ ਤੋਂ ਹੀ ਉਸ ਦੇ ਪਿਤਾ ਨੇ ਉਸ ਨੂੰ ਪਾਇਲਟ ਬਣਾਉਣ ਦਾ ਸੁਪਨਾ ਦੇਖਿਆ। ਇਸ ਲਈ ਇਕ ਮਹਿਲਾ ਪਾਇਲਟ ਹਮੇਸ਼ਾ ਹੀ ਗਾਈਡ ਦੇ ਰੂਪ ਵਿਚ ਨਾਲ ਰਹੀ। ਆਖਰ ਉਸ ਨੂੰ ਆਪਣਾ ਇਹ ਸੁਪਨਾ ਪੂਰਾ ਕਰਨ ਦਾ ਮੌਕਾ ਮਿਲਿਆ। ਉਸ ਨੇ ਮੁੰਬਈ ਤੋਂ ਪਾਇਲਟ ਦੀ ਕੋਚਿੰਗ ਲਈ। 
16 ਸਾਲ ਦੀ ਉਮਰ 'ਚ ਸ਼ੁਰੂ ਕੀਤਾ ਪਾਇਲਟ ਦਾ ਕਰੀਅਰ : ਕੀਥਰ
 ਕੀਥਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਇਕ ਈਸਾਈ ਪਰਿਵਾਰ ਹੈ। ਉਨ੍ਹਾਂ ਦੀ ਚਾਹਤ 16 ਸਾਲ ਦੀ ਉਮਰ ਵਿਚ ਉਸ ਦੇ ਸਾਹਮਣੇ ਆਈ। ਇਸ ਤੋਂ ਬਾਅਦ ਉਸ ਨੇ ਆਪਣੇ ਪਾਇਲਟ ਦੇ ਕਰੀਅਰ ਨੂੰ ਸ਼ੁਰੂ ਕੀਤਾ। ਜਦੋਂ ਉਸ ਨੇ ਪਹਿਲੀ ਵਾਰ ਆਪਣੀ ਸਿਖਲਾਈ ਸ਼ੁਰੂ ਕੀਤੀ, ਉਦੋਂ ਤੱਕ ਉਸ ਨੇ ਖੁਦ ਕਦੀ ਵੀ ਹਵਾਈ ਜਹਾਜ਼ 'ਚ ਸਫਰ ਨਹੀਂ ਕੀਤਾ ਸੀ। ਜਿਵੇਂ ਹੀ ਉਸ ਦਾ ਜਹਾਜ਼ ਦੌੜਨ ਲੱਗਾ, ਉਸ ਦੀ ਧੜਕਣ ਤੇਜ਼ ਹੋ ਰਹੀ ਸੀ। ਉਸ ਨੂੰ ਡਰ ਲੱਗ ਰਿਹਾ ਸੀ ਪਰ ਉਸ ਦੇ ਕੋਚ ਨੇ ਉਸ ਨੂੰ ਉਡਾਣ ਭਰਨ ਤੱਕ ਆਪਣੇ ਡਰ ਨੂੰ ਰੋਕ ਕੇ ਰੱਖਣ ਲਈ ਕਿਹਾ। ਜਿਵੇਂ ਹੀ ਜਹਾਜ਼ ਹਵਾ ਵਿਚ ਪਹੁੰਚਿਆ, ਉਸ ਨੂੰ ਲੱਗਾ ਜਿਵੇਂ ਉਹ ਡਰ ਨਹੀਂ, ਬਲਕਿ ਇੰਜਾਏ ਕਰ ਰਹੀ ਹੈ। ਇਸ ਤੋਂ ਬਾਅਦ ਉਹ ਨਿਡਰ ਹੋ ਕੇ ਆਪਣੀ ਕੋਚਿੰਗ 'ਤੇ ਧਿਆਨ ਦਿੰਦੀ ਰਹੀ ਅਤੇ ਸਫਲ ਹੋਈ। ਇਸ ਦੌਰਾਨ ਹੀ ਉਸ ਨੂੰ ਆਰੋਹੀ ਪੰਡਤ ਵਰਗੀ ਦੋਸਤ ਮਿਲੀ ਜੋ ਅੱਜ ਵੀ ਉਸ ਦੇ ਨਾਲ ਹੈ।
ਪੰਜਾਬ ਸਰਕਾਰ ਵੱਲੋਂ ਪ੍ਰਨੀਤ ਕੌਰ ਨੇ ਦਿੱਤੀ ਆਰੋਹੀ ਪੰਡਤ ਤੇ ਕੀਥਰ ਨੂੰ ਵਧਾਈ
90 ਦਿਨਾਂ ਦੀ ਵਿਸ਼ਵ ਯਾਤਰਾ 'ਤੇ ਨਿਕਲੀ ਆਰੋਹੀ ਪੰਡਤ ਤੇ ਕਥੀਰ ਦੇ ਜਹਾਜ਼ ਨੂੰ ਹਰੀ ਝੰਡੀ ਦੇਣ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਦੋਵਾਂ ਨੂੰ ਇੰਨੇ ਵੱਡੇ ਮਿਸ਼ਨ ਲਈ ਵਧਾਈ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿਸ਼ਵਨੀਅਤਾ ਨੂੰ ਦੇਖਦੇ ਹੋਏ ਇਸ ਪ੍ਰਾਜੈਕਟ ਲਈ ਪੰਜਾਬ ਤੇ ਖਾਸ ਕਰ ਕੇ ਮੁੱਖ ਮੰਤਰੀ ਦੇ ਸ਼ਹਿਰ ਨੂੰ ਚੁਣਿਆ ਗਿਆ ਹੈ। ਪ੍ਰਨੀਤ ਕੌਰ ਨੇ ਕਿਹਾ ਕਿ ਇਸ 90 ਦਿਨਾਂ ਯਾਤਰਾ ਲਈ ਦੋਨੋਂ ਮਹਿਲਾ ਪਾਇਲਟਸ ਦਾ ਪਟਿਆਲਾ ਦੇ ਐਵੀਏਸ਼ਨ ਕਲੱਬ ਵਿਚ ਟ੍ਰੇਨਿੰਗ ਲੈਣ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿਚ ਵਿਸ਼ਵ ਪੱਧਰ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੋਵਾਂ ਨੂੰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੇ ਪੰਜਾਬ ਸਰਕਾਰ ਵੱਲੋਂ ਵਧਾਈ ਦਿੱਤੀ। ਪ੍ਰਨੀਤ ਕੌਰ ਨੇ ਕਿਹਾ ਕਿ ਲੜਕੀਆਂ ਵੱਲੋਂ ਇਕੱਲੇ ਤੌਰ 'ਤੇ ਕੀਤੀ ਜਾ ਰਹੀ ਵਿਸ਼ਵ ਯਾਤਰਾ ਭਾਰਤ ਦਾ ਨਾਂ ਰੌਸ਼ਨ ਕਰੇਗੀ।
ਇਸ ਮੌਕੇ ਮੌਜੂਦ ਆਰੋਹੀ ਪੰਡਤ ਦੇ ਪਿਤਾ ਅਸ਼ੋਕ ਪੰਡਤ ਤੇ ਮਾਤਾ ਅਸ਼ਵਨੀ ਪੰਡਤ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਮਹਿਸੂਸ ਹੋਇਆ ਕਿ ਉਹ ਦੁਨੀਆ ਦੇ ਸਭ ਤੋਂ ਅਮੀਰ ਮਾਤਾ-ਪਿਤਾ ਹਨ। ਬੇਟੀ ਦੀ ਕਾਬਲੀਅਤ ਕਾਰਨ ਅੱਜ ਉਨ੍ਹਾਂ ਦਾ ਨਾਂ ਦੇਸ਼-ਵਿਦੇਸ਼ ਵਿਚ ਰੌਸ਼ਨ ਹੋ ਗਿਆ ਹੈ। ਉਨ੍ਹਾਂ ਦੀ ਇੱਛਾ ਹੈ ਕਿ ਹਰ ਜਨਮ ਵਿਚ ਆਰੋਹੀ ਉਨ੍ਹਾਂ ਦੀ ਬੇਟੀ ਬਣੇ ਤਾਂ ਕਿ ਉਨ੍ਹਾਂ ਦਾ ਨਾਂ ਰੌਸ਼ਨ ਹੁੰਦਾ ਰਹੇ।
 


Related News