ਹੱਕੀ ਮੰਗਾਂ ਲਈ ਖੇਤ ਮਜ਼ਦੂਰਾਂ ਨੇ ਦਿੱਤਾ ਰੋਸ ਧਰਨਾ

Monday, Jan 29, 2018 - 04:05 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਬਲਾਕ ਇਕਾਈ ਦੀ ਅਗਵਾਈ ਤੇ ਸੈਂਕੜੇ ਖੇਤ ਮਜ਼ਦੂਰਾਂ ਵੱਲੋਂ ਸਥਾਨਕ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਕੈਪਟਨ ਸਰਕਾਰ ਨੇ ਪਹਿਲਾਂ ਖੇਤ ਮਜ਼ਦੂਰਾਂ ਨੂੰ ਕਰਜ਼ਾ ਮੁਆਫ਼ੀ ਯੋਜਨਾ ਤੋਂ ਬਾਹਰ ਕਰ ਦਿੱਤਾ ਸੀ ਅਤੇ ਹੁਣ ਮਜ਼ਦੂਰਾਂ ਨੂੰ ਪਲਾਟ ਦੇਣ ਦੀ ਸਕੀਮ ਤੋਂ ਲਾਂਭੇ ਕਰ ਦਿੱਤਾ। ਉਨ੍ਹਾਂ ਨੇ ਸਰਕਾਰ ਦੇ ਅੱਖੜ ਰਵਈਏ ਖਿਲਾਫ਼ ਨਾਅਰੇਬਾਜ਼ੀ ਕੀਤੀ। ਖੇਤ ਮਜ਼ਦੂਰ ਆਗੂ ਤੇ ਜ਼ਿਲਾ ਸਕੱਤਰ ਤਰਸੇਮ ਖੁੰਡੇ ਹਲਾਲ ਨੇ ਰੋਸ ਧਰਨੇ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨੇ ਮੁਫ਼ਤ ਪਲਾਟ ਦੇਣ ਸਬੰਧੀ ਅਰਜ਼ੀਆਂ ਦੇਣ ਵਾਲੇ ਸਭਨਾਂ ਹੱਕਦਾਰ ਮਜ਼ਦੂਰਾਂ ਨੂੰ ਪਲਾਟ ਅਲਾਟ ਕੀਤੇ ਜਾਣ, ਮੁੜ ਤੋਂ ਅਰਜੀਆਂ ਲੈਣ ਦੀ ਤਰੀਕ ਵਿਚ ਵਾਧਾ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਕਾਨ ਉਸਾਰੀ ਲਈ ਹਰ ਮਜ਼ਦੂਰ ਨੂੰ ਤਿੰਨ ਲੱਖ ਰੁਪਏ ਦੀ ਗ੍ਰਾਂਟ ਅਤੇ ਖੇਤ ਮਜ਼ਦੂਰਾਂ, ਬੇਜ਼ਮੀਨੇ ਤੇ ਗਰੀਬ ਕਿਸਾਨਾਂ ਨੂੰ ਬਿਨ੍ਹਾਂ ਵਿਆਜ ਲੰਬੀ ਮਿਆਦ ਦੇ ਕਰਜ਼ੇ ਦੀ ਸਹੁਲਤ ਦਿੱਤੀ ਜਾਵੇ। ਕਰਜ਼ਾ ਪੀੜ੍ਹਤ ਮਜ਼ਦੂਰਾਂ ਦੇ ਕਰਜ਼ਿਆਂ 'ਤੇ ਲੀਕ ਫੇਰੀ ਜਾਵੇ, ਖੁਦਕੁਸ਼ੀ ਪੀੜ੍ਹਤ ਮਜ਼ਦੂਰਾਂ ਤੇ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ 3 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਜਾਵੇ। ਪੰਚਾਇਤੀ ਜ਼ਮੀਨਾਂ ਵਿਚ ਸਨਅੱਤੀ ਪਾਰਕਾਂ ਦੀ ਉਸਾਰੀ ਦਾ ਫੈਸਲਾ ਵਾਪਸ ਲੈ ਕੇ ਤੀਜਾ ਹਿੱਸਾ ਜ਼ਮੀਨਾਂ ਦਲਿਤਾਂ ਨੂੰ ਸਸਤੇ ਠੇਕੇ 'ਤੇ ਦਿੱਤਾ ਜਾਵੇ। ਖੇਤੀ ਖੇਤਰ 'ਚੋਂ ਵਿਹਲੇ ਹੋਏ ਮਜ਼ਦੂਰਾਂ ਲਈ ਢੁਕਵੇਂ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ। 
ਇਸ ਰੋਸ ਧਰਨੇ ਤੋਂ ਬਾਅਦ ਆਗੂਆਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਬਲਾਕ ਪ੍ਰਧਾਨ ਕਾਕਾ ਖੁੰਡੇ ਹਲਾਲ, ਜਗਸਰੀ ਲੱਖੇਵਾਲੀ, ਸੁਖਚੈਨ ਗੰਧੜ, ਪਾਲ ਭਾਗਸਰ, ਅਮਰੀਕ ਭਾਗਸਰ ਆਦਿ ਖੇਤ ਮਜ਼ਦੂਰ ਮੌਜੂਦ ਸਨ।


Related News