UP ਤੋਂ BKU ਕਿਸਾਨ ਕ੍ਰਾਂਤੀ ਨੇ ਵੱਡੇ ਕਾਫਲੇ ਦੇ ਰੂਪ ''ਚ ਖਨੌਰੀ ਬਾਰਡਰ ਪਹੁੰਚ ਕੇ ਮੋਰਚੇ ਨੂੰ ਦਿੱਤਾ ਸਮਰਥਨ

Monday, Sep 09, 2024 - 08:08 PM (IST)

UP ਤੋਂ BKU ਕਿਸਾਨ ਕ੍ਰਾਂਤੀ ਨੇ ਵੱਡੇ ਕਾਫਲੇ ਦੇ ਰੂਪ ''ਚ ਖਨੌਰੀ ਬਾਰਡਰ ਪਹੁੰਚ ਕੇ ਮੋਰਚੇ ਨੂੰ ਦਿੱਤਾ ਸਮਰਥਨ

ਜੈਤੋ, (ਰਘੂਨੰਦਨ ਪਰਾਸ਼ਰ )- 13 ਫਰਵਰੀ 2024 ਤੋਂ ਆਪਣੀਆਂ ਹੱਕੀ ਮੰਗਾਂ ਲਈ ਅਤੇ ਕੇਂਦਰ ਸਰਕਾਰ ਵੱਲੋਂ ਕੀਤੇ ਹੋਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਬਾਰਡਰਾਂ ਉੱਪਰ ਕਿਸਾਨਾਂ, ਮਜਦੂਰਾਂ ਵੱਲੋਂ ਅੰਦੋਲਨ ਲੜਿਆ ਜਾ ਰਿਹਾ ਹੈ। 

ਅੱਜ ਖਨੌਰੀ, ਸ਼ੰਭੂ ਅਤੇ ਰਤਨਪੁਰਾ ਬਾਰਡਰਾਂ ਉੱਪਰ ਚੱਲ ਰਹੇ ਕਿਸਾਨ ਅੰਦੋਲਨ 02 ਨੂੰ ਉਸ ਸਮੇਂ ਇੱਕ ਬਹੁਤ ਵੱਡੀ ਤਾਕਤ ਮਿਲੀ ਜਦੋਂ ਯੂ.ਪੀ. ਤੋਂ ਇੱਕ ਹੋਰ ਕਿਸਾਨ ਸੰਗਠਨ ਬੀ.ਕੇ.ਯੂ. ਕਿਸਾਨ ਕ੍ਰਾਂਤੀ ਦੇ ਵਿਪਨ ਮਲਿਕ, ਚੌਧਰੀ ਰਿਸ਼ੀਪਾਲ, ਰਾਜਿੰਦਰ ਸਿੰਘ ਚਿੰਕਾਰਾ ਸਰਪ੍ਰਸਤ, ਯੁਗੇਸ਼ ਮਹਾਂ ਸਚਿਵ, ਵਿਵੇਕ ਉਜਵਲ, ਅਮਨ ਸਾਗਰ, ਵਿਜੇ ਲਕਸ਼ਮੀ ਨੇ ਖਨੌਰੀ ਬਾਰਡਰ 'ਤੇ  ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਸਮੇਤ ਪਹੁੰਚ ਕੇ ਅੰਦੋਲਨ ਨੂੰ ਹਮਾਇਤ ਦਿੱਤੀ। 

ਯੂ.ਪੀ. ਤੋਂ ਪਹੁੰਚੇ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਕਿਸਾਨ ਅੰਦੋਲਨ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਐੱਮ.ਐੱਸ.ਪੀ. ਦੇ ਗਰੰਟੀ ਕਾਨੂੰਨ, ਸਵਾਮੀ ਨਾਥਨ ਕਮਿਸ਼ਨ ਦੇ C²+50 ਦੇ ਫਾਰਮੂਲੇ ਅਨੁਸਾਰ ਫਸਲਾਂ ਦੇ ਭਾਅ, ਕਿਸਾਨਾਂ ਮਜ਼ਦੂਰਾਂ ਦੀ ਕੁੱਲ ਕਰਜ਼ਾ ਮੁਕਤੀ ਆਦਿ ਆਪਣੀਆਂ ਹੱਕੀ ਮੰਗਾਂ ਲਈ ਲੜਿਆ ਜਾ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਨਾਲ ਲਿਖਤ ਵਿੱਚ ਉਨ੍ਹਾਂ ਦੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ ਗਿਆ ਸੀ। ਜਿਸ ਨੂੰ ਯਾਦ ਕਰਵਾਉਣ ਅਤੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨਕਾਰੀ ਖੁੱਲੇ ਅਸਮਾਨ ਥੱਲੇ ਮਹੀਨਿਆ ਤੋਂ ਅੰਦੋਲਨ ਲੜ ਰਹੇ ਹਨ। 

ਯੂ.ਪੀ. ਤੋਂ ਪਹੁੰਚੇ ਕਿਸਾਨ ਆਗੂਆਂ ਨੇ ਸਟੇਜ ਤੋਂ ਬੋਲਦੇ ਹੋਏ ਆਪਣੇ ਸੰਬੋਧਨ ਵਿੱਚ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਜਦੋਂ ਵੀ ਮੋਰਚੇ ਵੱਲੋਂ ਕੋਈ ਪ੍ਰੋਗਰਾਮ ਦਿੱਤਾ ਜਾਂਦਾ ਹੈ ਤਾਂ ਉਹ ਉਸ ਮੋਰਚੇ ਦੀ ਦਿੱਤੀ ਗਈ ਹਰ ਕਾਲ ਨੂੰ ਯੂ.ਪੀ. ਦੇ ਅੰਦਰ ਪੂਰੀ ਤਾਕਤ ਦੇ ਨਾਲ ਲਾਗੂ ਕਰਨਗੇ ਅਤੇ ਪੱਕੇ ਤੌਰ 'ਤੇ ਖਨੌਰੀ ਬਾਰਡਰ ਦੇ ਉੱਪਰ ਵੀ ਤੰਬੂ ਲਗਾ ਕੇ ਲਗਾਤਾਰ ਬੈਠਣਗੇ ਤਾਂ ਕਿ ਸਰਕਾਰੀ ਆਈ.ਟੀ. ਸੈਲ ਵੱਲੋਂ ਜੋ ਸਾਡੇ ਦੇਸ਼ ਦੇ ਕਿਸਾਨਾਂ ਨੂੰ ਖਾਲਿਸਤਾਨੀ ਵੱਖਵਾਦੀ ਦਾ ਟੈਗ ਲਗਾਉਣ ਦੀਆਂ ਸਾਜ਼ਿਸ਼ਾਂ ਅਧੀਨ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਨ੍ਹਾਂ ਸਰਕਾਰੀ ਸਾਜ਼ਿਸ਼ਾਂ ਨੂੰ ਫੇਲ੍ਹ ਕੀਤਾ ਜਾਵੇਗਾ ਕਿਉਂਕਿ ਇਹ ਕਿਸਾਨ ਅੰਦੋਲਨ ਸਾਰੇ ਦੇਸ਼ ਦੇ ਲੋਕਾਂ ਦਾ ਸਾਂਝਾ ਅੰਦੋਲਨ ਹੈ ਅਤੇ ਇਸ ਨੂੰ ਹਰ ਇੱਕ ਕਿਸਾਨ, ਮਜ਼ਦੂਰ, ਦੁਕਾਨਦਾਰ, ਛੋਟੇ ਵਪਾਰੀ ਅਤੇ ਹਰ ਇੱਕ ਧਰਮ ਦੇ ਵਿਅਕਤੀਆਂ ਵੱਲੋਂ ਮਿਲ ਜੁਲ ਕੇ ਭਾਈਚਾਰਕ ਸਾਂਝ ਨਾਲ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਲੜਿਆ ਜਾ ਰਿਹਾ।


author

Rakesh

Content Editor

Related News