ਜ਼ਮੀਨੀ ਵਿਵਾਦ ਦੀ ਪੜਤਾਲ ਕਰਨ ਲਈ ਮੰਗੀ ਸੀ ਰਿਸ਼ਵਤ, ਵਿਜੀਲੈਂਸ ਬਿਊਰੋ ਨੇ ਤਹਿਸੀਲਦਾਰ ਨੂੰ ਕੀਤਾ ਕਾਬੂ
Saturday, Sep 07, 2024 - 01:47 AM (IST)
ਡੇਰਾ ਬਾਬਾ ਨਾਨਕ/ਚੰਡੀਗੜ੍ਹ/ਜਲੰਧਰ (ਸਾਹਿਲ, ਅੰਕੁਰ, ਧਵਨ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਚਲਾਈ ਗਈ ਭ੍ਰਿਸ਼ਟਾਚਾਰ ਰੋਕੂ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਖਵਿੰਦਰ ਸਿੰਘ ਨੂੰ ਉਸ ਦੇ ਡਰਾਈਵਰ ਸਮੇਤ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਸੁਖਦੇਵ ਸਿੰਘ ਸੋਹੀ ਵਾਸੀ ਪਿੰਡ ਮਨਸੂਰ, ਤਹਿਸੀਲ ਡੇਰਾ ਬਾਬਾ ਨਾਨਕ ਜ਼ਿਲਾ ਗੁਰਦਾਸਪੁਰ, ਜੋ ਕਿ ਹੁਣ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਮਦਾਸ ਵਿਖੇ ਰਹਿ ਰਿਹਾ ਹੈ, ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਅਜਾਇਬ ਸਿੰਘ ਵਾਸੀ ਢੰਡੋਵਾਲ ਸ਼ਾਹਕੋਟ ਜ਼ਿਲਾ ਜਲੰਧਰ ਨੇ ਉਸ ਵਿਰੁੱਧ ਜ਼ਮੀਨੀ ਵਿਵਾਦ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਉਕਤ ਤਹਿਸੀਲਦਾਰ ਨੇ ਕਰਨੀ ਸੀ। ਇਸ ਦੌਰਾਨ ਸੁਖਦੇਵ ਸਿੰਘ ਸੋਹੀ ਨੇ ਪਿੰਡ ਰੱਤਾ ਨਿਵਾਸੀ ਦਿਲਬਾਗ ਸਿੰਘ ਨੰਬਰਦਾਰ ਨੂੰ ਨਾਲ ਲੈ ਕੇ ਉਕਤ ਤਹਿਸੀਲਦਾਰ ਤੱਕ ਪਹੁੰਚ ਕੀਤੀ ਤਾਂ ਉਕਤ ਤਹਿਸੀਲਦਾਰ ਨੇ ਆਪਣੀ ਰਿਪੋਰਟ ਵਿਚ ਸੁਖਦੇਵ ਸਿੰਘ ਸੋਹੀ ਦਾ ਪੱਖ ਪੂਰਨ ਬਦਲੇ ਦਿਲਬਾਗ ਸਿੰਘ ਰਾਹੀਂ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ।
ਇਹ ਵੀ ਪੜ੍ਹੋ- ਕੇਸ ਦੀ ਸੁਣਵਾਈ ਦੌਰਾਨ ਵਕੀਲ ਨੂੰ ਆ ਗਿਆ ਹਾਰਟ ਅਟੈਕ, ਅਦਾਲਤ 'ਚ ਹੀ ਡਿੱਗੇ ਹੇਠਾਂ, ਹੋ ਗਈ ਮੌਤ
ਬੁਲਾਰੇ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਜਾਲ ਵਿਛਾਇਆ ਜਿਸ ਵਿੱਚ ਉਕਤ ਤਹਿਸੀਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਮੌਕੇ ਉਕਤ ਤਹਿਸੀਲਦਾਰ ਨੇ ਰਿਸ਼ਵਤ ਵਜੋਂ ਹਾਸਲ ਕੀਤੀ ਰਕਮ ਆਪਣੇ ਡਰਾਈਵਰ ਨੂੰ ਫੜਾ ਦਿੱਤੀ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਡਰਾਈਵਰ ਨੂੰ ਵੀ ਰਿਸ਼ਵਤ ਦੀ ਰਕਮ ਸੰਭਾਲਣ ਲਈ ਉਕਤ ਦੇ ਸਾਥੀ ਵਜੋਂ ਦੋਸ਼ੀ ਮੰਨਦਿਆਂ ਗ੍ਰਿਫਤਾਰ ਕਰ ਲਿਆ। ਇਸ ਸਬੰਧ ਵਿਚ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਦੋਹਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੜ੍ਹਾਈ ਪੂਰੀ ਕਰ ਕੇ ਕੰਮ ਲੱਭ ਰਿਹਾ ਸੀ ਨੌਜਵਾਨ, ਬਦਮਾਸ਼ਾਂ ਨੇ ਸ਼ਰੇਆਮ ਦਿਲ 'ਚ ਚਾਕੂ ਉਤਾਰ ਕੇ ਕੀਤਾ ਕਤਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e