ਪਰਮਿੰਦਰ ਢੀਂਡਸਾ ਤੇ ਬੀਬੀ ਜਗੀਰ ਕੌਰ ਨੇ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਦੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
Monday, Sep 09, 2024 - 08:49 AM (IST)
ਚੰਡੀਗੜ੍ਹ (ਅੰਕੁਰ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਧਿਆਨ ਦਿਓ! ਹਸਪਤਾਲ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਪਰਮਿੰਦਰ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇਕ ਚਿੱਠੀ ਵਿਚ ਲਿਖਿਆ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੇ ਤੋਂ ਬਤੌਰ ਸਾਬਕਾ ਕੈਬਨਿਟ ਮੰਤਰੀ ਰਹਿੰਦਿਆਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਉਸ ਸਬੰਧੀ ਸਪੱਸ਼ਟੀਕਰਨ ਦੇਣ ਲਈ ਮੈਂ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਰਿਹਾ ਹਾਂ ਤੇ ਮੇਰੀ ਦਿਲੀ ਇੱਛਾ ਹੈ ਕਿ ਮੈਂ ਆਪਣੇ ਰੁਤਬੇ-ਅਹੁਦੇ ਤਿਆਗ ਕੇ ਇਕ ਨਿਮਾਣੇ ਸਿੱਖ ਦੇ ਤੌਰ ਪੇਸ਼ ਹੋਵਾਂ। ਇਸ ਕਰਕੇ ਆਪ ਜੀ ਵੱਲੋਂ ਦਿੱਤੇ ਹੋਏ ਪ੍ਰਜ਼ੀਡੀਅਮ ਦੇ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾਂ ਹਾਂ। ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਲਈ ਤੁਹਾਡਾ ਜਾਂ ਪ੍ਰਜ਼ੀਡੀਅਮ ਦਾ ਜੋ ਵੀ ਫ਼ੈਸਲਾ ਹੋਵੇਗਾ, ਮੈਂ ਦਿਨ-ਰਾਤ ਉਸ ’ਤੇ ਪਹਿਰਾ ਦੇ ਕੇ ਉਸ ਨੂੰ ਵਰਕਰ ਦੇ ਤੌਰ ’ਤੇ ਨਿਭਾਵਾਂਗਾ।
ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਵੀ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮੇਰੇ ਕੋਲੋਂ ਬਤੌਰ ਕੈਬਨਿਟ ਮੰਤਰੀ ਸਪੱਸ਼ਟੀਕਰਨ ਮੰਗਿਆ ਹੈ। ਮੈਂ 9 ਸਤੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸਪੱਸ਼ਟੀਕਰਨ ਦੇਣ ਲਈ ਪੇਸ਼ ਹੋ ਰਹੀ ਹਾਂ। ਮੈਂ ਆਪਣੀ ਪਾਰਟੀ ਦੇ ਸਾਰੇ ਰੁਤਬੇ ਛੱਡ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੇਸ਼ ਹੋਵਾਂਗੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਮੈਨੂੰ ਸਲਾਹਾਕਾਰ ਅਤੇ ਐਗਜ਼ੈਕਟਿਵ ਮੈਂਬਰ ਬਣਾਇਆ ਗਿਆ ਹੈ। ਮੈਂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦਿੰਦੀ ਹਾਂ ਤਾਂ ਜੋ ਮੈਂ ਇਕ ਸਧਾਰਨ ਸਿੱਖ ਦੇ ਤੌਰ ’ਤੇ ਪੇਸ਼ ਹੋ ਕੇ ਆਪਣੀਆਂ ਮਨੋ ਭਾਵਨਾਵਾਂ ਦਰਸਾ ਸਕਾਂ। ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਵੱਲੋਂ ਆਉਣ ਵਾਲੇ ਸਮੇਂ ’ਚ ਜੋ ਵੀ ਹੁਕਮ ਹੋਵੇਗਾ, ਮੈਂ ਤਨਦੇਹੀ ਨਾਲ ਨਿਭਾਵਾਂਗੀ ਤੇ ਸਧਾਰਨ ਵਰਕਰ ਦੇ ਤੌਰ ’ਤੇ ਕੰਮ ਕਰਾਂਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਵਾਸੀ ਸਾਵਧਾਨ! ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਇਹ ਬੀਮਾਰੀ
ਦੱਸ ਦਈਏ ਕਿ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਸਰਕਾਰ ਵੇਲੇ ਸਿੱਖ ਮੰਤਰੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਸੁਖਬੀਰ ਸਿੰਘ ਬਾਦਲ ਤਨਖ਼ਾਹੀਆ ਐਲਾਨੇ ਜਾਣ ਤੋਂ ਅਗਲੇ ਦਿਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਏ ਅਤੇ ਆਪਣਾ ਸਪਸ਼ਟੀਕਰਨ ਸੌਂਪਿਆ। ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ, ਮਨਪ੍ਰੀਤ ਬਾਦਲ, ਸੁੱਚਾ ਸਿੰਘ ਲੰਗਾਹ ਸਣੇ ਹੋਰ ਕਈ ਮੰਤਰੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਸੌਂਪ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8