ਫੈਕਟਰੀ ’ਚ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਮੈਨੇਜਮੈਂਟ ''ਤੇ ਲਾਏ ਲਾਪ੍ਰਵਾਹੀ ਦੇ ਦੋਸ਼

Monday, May 05, 2025 - 05:53 AM (IST)

ਫੈਕਟਰੀ ’ਚ ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਮੈਨੇਜਮੈਂਟ ''ਤੇ ਲਾਏ ਲਾਪ੍ਰਵਾਹੀ ਦੇ ਦੋਸ਼

ਲੁਧਿਆਣਾ (ਰਾਮ) : ਚਾਬੇਵਾਲ ਸਥਿਤ ਜੋਨਸਨ ਫੈਕਟਰੀ ’ਚ ਦਰਦਨਾਕ ਹਾਦਸੇ ’ਚ ਵਿਕਰਮ ਸਿੰਘ ਨਾਂ ਦੇ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਸ਼ਾਂਤੀ ਵਿਹਾਰ ਭਾਮੀਆਂ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਫੈਕਟਰੀ ’ਚ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਫੈਕਟਰੀ ਮੈਨੇਜਮੈਂਟ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦੇ ਹੋਏ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਵਿਰੋਧ ਥਾਣਾ ਜਮਾਲਪੁਰ ਦੇ ਅਧੀਨ ਚੌਕੀ ਮੁੰਡੀਆਂ ਕਲਾਂ ਦੇ ਸਾਹਮਣੇ ਕੀਤਾ ਗਿਆ, ਜਿਥੇ ਮ੍ਰਿਤਕ ਦੇ ਮਾਪਿਆਂ ਅਤੇ ਸਥਾਨਕ ਲੋਕਾਂ ਨੇ ਫੈਕਟਰੀ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਖ਼ਤ ਕਾਰਵਾਈ ਦੀ ਮੰਗ ਕੀਤੀ।

ਵਿਕਰਮ ਸਿੰਘ ਰੋਜ਼ਾਨਾ ਦੀ ਤਰ੍ਹਾਂ ਜੋਨਸਨ ਫੈਕਟਰੀ ’ਚ ਕੰਮ ਕਰ ਰਿਹਾ ਸੀ। ਉਦੋਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ। ਮੌਕੇ ’ਤੇ ਮੌਜੂਦ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਤੋਂ ਬਾਅਦ ਫੈਕਟਰੀ ਦੇ ਹੋਰ ਕਰਮਚਾਰੀਆਂ ’ਚ ਵੀ ਡਰ ਅਤੇ ਰੋਸ ਦਾ ਮਾਹੌਲ ਹੈ। 

ਇਹ ਵੀ ਪੜ੍ਹੋ : ਚੜ੍ਹਦੀ ਜਵਾਨੀ 'ਚ ਨੌਜਵਾਨ ਨੂੰ ਖਾ ਗਿਆ 'ਨਸ਼ੇ ਦਾ ਦੈਂਤ', ਪਰਿਵਾਰ ਦਾ ਸੀ ਇਕਲੌਤਾ ਪੁੱਤ

ਥਾਣਾ ਜਮਾਲਪੁਰ ਅਤੇ ਚੌਕੀ ਮੁੰਡੀਆਂ ਕਲਾਂ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਧਰਨਾਕਾਰੀਆਂ ਨੇ ਪੁਲਸ ਤੋਂ ਮੰਗ ਕੀਤੀ ਕਿ ਫੈਕਟਰੀ ਮਾਲਕ ਅਤੇ ਸਬੰਧਤ ਪ੍ਰਬੰਧਕਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਸਮੇਤ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਪੁਲਸ ਅਧਿਕਾਰੀਆਂ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਰਿਵਾਰ ਦਾ ਦੋਸ਼ : ਸੁਰੱਖਿਆ ਇੰਤਜ਼ਾਮਾਂ ’ਚ ਵੱਡੀ ਲਾਪ੍ਰਵਾਹੀ
ਮ੍ਰਿਤਕ ਦੇ ਮਾਪਿਆਂ ਨੇ ਦੋਸ਼ ਲਗਾਇਆ ਕਿ ਫੈਕਟਰੀ ’ਚ ਸੁਰੱਖਿਆ ਦੇ ਬੁਨਿਆਦੀ ਇੰਤਜ਼ਾਮ ਨਹੀਂ ਹਨ। ਮਸ਼ੀਨਾਂ ਦੀ ਵਾਈਰਿੰਗ ਅਤੇ ਬਿਜਲੀ ਨਾਲ ਸਬੰਧਤ ਵਿਵਸਥਾ ਬੇਹੱਦ ਖਸਤਾ ਹਾਲਤ ’ਚ ਹੈ। ਫੈਕਟਰੀ ਪ੍ਰਬੰਧਨ ਦੀ ਲਾਪ੍ਰਵਾਹੀ ਕਾਰਨ ਹੀ ਵਿਕਰਮ ਸਿੰਘ ਦੀ ਜਾਨ ਗਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਫੈਕਟਰੀ ’ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਸੁਰੱਖਿਆ ਉਪਕਰਣ ਤੱਕ ਨਹੀਂ ਦਿੱਤੇ ਜਾਂਦੇ। ਹਾਦਸੇ ਤੋਂ ਬਾਅਦ ਫੈਕਟਰੀ ਪ੍ਰਬੰਧਨ ਨੇ ਨਾ ਤਾਂ ਕੋਈ ਹਮਦਰਦੀ ਜਤਾਈ ਅਤੇ ਨਾ ਹੀ ਮ੍ਰਿਤਕ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਇਆ।

ਇਹ ਵੀ ਪੜ੍ਹੋ : ਪਾਕਿਸਤਾਨ ਨੂੰ ਵੱਡਾ ਝਟਕਾ! ਭਾਰਤ ਤੋਂ ਬਾਅਦ ਹੁਣ ਇਨ੍ਹਾਂ ਦੇਸ਼ਾਂ ਨੇ ਵੀ ਕੀਤਾ ਪਾਕਿ ਦੇ ਏਅਰਸਪੇਸ ਤੋਂ ਕਿਨਾਰਾ

ਸਥਾਨਕ ਲੋਕਾਂ ’ਚ ਰੋਸ
ਹਾਦਸੇ ਤੋਂ ਬਾਅਦ ਸ਼ਾਂਤੀ ਵਿਹਾਰ ਭਾਮੀਆਂ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਦੁੱਖ ਅਤੇ ਗੁੱਸੇ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ’ਚ ਮੌਜੂਦ ਕਈ ਫੈਕਟਰੀਆਂ ’ਚ ਸੁਰੱਖਿਆ ਮਿਆਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ। ਸਥਾਨਕ ਨਿਵਾਸੀਆਂ ਨੇ ਮੰਗ ਕੀਤੀ ਕਿ ਸਾਰੀਆਂ ਫੈਕਟਰੀਆਂ ਦੀ ਸੁਰੱਖਿਆ ਵਿਵਸਥਾ ਦੀ ਜਾਂਚ ਕੀਤੀ ਜਾਵੇ ਅਤੇ ਜੋ ਫੈਕਟਰੀਆਂ ਮਜ਼ਦੂਰਾਂ ਦੀ ਸੁਰੱਖਿਆ ਨਾਲ ਸਮਝੌਤਾ ਕਰ ਰਹੀਆਂ ਹਨ, ਉਨ੍ਹਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News