ਹਲਵਾਰਾ ਏਅਰਪੋਰਟ ਪ੍ਰਾਜੈਕਟ: ਆਖਿਰ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ’ਚ ਸ਼ੁਰੂ ਹੋਇਆ ਕੰਮ

Thursday, Jul 11, 2024 - 01:36 PM (IST)

ਹਲਵਾਰਾ ਏਅਰਪੋਰਟ ਪ੍ਰਾਜੈਕਟ: ਆਖਿਰ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ’ਚ ਸ਼ੁਰੂ ਹੋਇਆ ਕੰਮ

ਲੁਧਿਆਣਾ (ਹਿਤੇਸ਼)- ਹਲਵਾਰਾ ਏਅਰਪੋਰਟ ਪ੍ਰਾਜੈਕਟ ’ਚ ਆਖਿਰ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ’ਤੇ ਵੀ ਕੰਮ ਸ਼ੁਰੂ ਹੋ ਗਿਆ ਹੈ। ਇੱਥੇ ਜ਼ਿਕਰਯੋਗ ਹੋਵੇਗਾ ਕਿ ਹਲਵਾਰਾ ਏਅਰਪੋਰਟ ਪ੍ਰਾਜੈਕਟ ’ਚ ਮੁੱਖ ਰੂਪ ਵਿਚ ਟਰਮੀਨਲ ਬਿਲਡਿੰਗ ਤੋਂ ਇਲਾਵਾ ਐਪ੍ਰਨ, ਟੈਕਸੀ-ਵੇ, ਪਾਰਕਿੰਗ, ਬਿਜਲੀ, ਪਬਲਿਕ ਹੈਲਥ ਦੇ ਕੰਮ ਸ਼ਾਮਲ ਹਨ। ਇਸ ਸਬੰਧ ਵਿਚ ਪੀ. ਡਬਲਯੂ. ਡੀ. ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਡੀ. ਸੀ. ਵੱਲੋਂ ਬੁਲਾਈ ਗਈ ਰਿਵਿਊ ਮੀਟਿੰਗ ਦੇ ਦੌਰਾਨ ਜੋ ਸਟੇਟਸ ਰਿਪੋਰਟ ਪੇਸ਼ ਕੀਤੀ ਸੀ ਉਸ ਦੇ ਮੁਤਾਬਕ ਇਕ ਹਿੱਸੇ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ।

ਜਿਥੋਂ ਤੱਕ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ਦਾ ਸਵਾਲ ਹੈ, ਜਿਥੇ ਰਨ-ਵੇਅ ’ਤੇ ਨਵੇਂ ਸਿਰੇ ਤੋਂ ਸੜਕ ਬਣਾਉਣ ਦੇ ਨਾਲ ਡਰੇਨੇਜ ਸਿਸਟਮ ਦੇ ਨਿਰਮਾਣ ਕੰਮ ਬਾਕੀ ਹੈ। ਇਹ ਕੰਮ ਏਅਰਫੋਰਸ ਵੱਲੋਂ ਆਪਣੇ ਤੌਰ ’ਤੇ ਐੱਮ. ਈ. ਐੱਸ. ਈ. ਜ਼ਰੀਏ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਹੀ ਬਾਕੀ ਦਾ ਕੰਮ ਪੂਰਾ ਹੋ ਸਕਦਾ ਹੈ ਪਰ ਏਅਰਫੋਰਸ ਦੇ ਹੈੱਡ ਆਫਿਸ ਵੱਲੋਂ ਮਨਜ਼ੂਰੀ ਮਿਲਣ ’ਚ ਹੋਈ ਦੇਰੀ ਕਾਰਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਲਈ ਫਿਕਸ ਕੀਤੀ ਗਈ ਡੈੱਡਲਾਈਨ ਮੁਤਾਬਕ ਕੰਮ ਮੁਕੰਮਲ ਨਹੀਂ ਹੋ ਸਕਿਆ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਵਾਸੀਆਂ ਲਈ ਖ਼ੁਸ਼ਖ਼ਬਰੀ! ਮੁੱਖ ਮੰਤਰੀ ਦੀ ਹਰੀ ਝੰਡੀ ਮਗਰੋਂ ਜਾਰੀ ਹੋ ਗਏ ਹੁਕਮ

ਇਸ ਦੇ ਮੱਦੇਨਜ਼ਰ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਏਅਰਫੋਰਸ ਸਟੇਸ਼ਨ ’ਤੇ ਜਾ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ’ਚ ਕੰਮ ਆਖਿਰ ਸ਼ੁਰੂ ਹੋ ਗਿਆ ਹੈ, ਜਿਸ ਦੀ ਪੁਸ਼ਟੀ ਪੀ. ਡਬਲਯੂ. ਡੀ. ਵਿਭਾਗ ਵੱਲੋਂ ਪ੍ਰਾਜੈਕਟ ਦੇ ਐਕਸੀਅਨ ਪ੍ਰਦੀਪ ਕੁਮਾਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ’ਚ ਕੰਮ ਪੂਰਾ ਹੋਣ ਤੋਂ ਬਾਅਦ ਪੀ. ਡਬਲਯੂ. ਡੀ. ਵਿਭਾਗ ਵੱਲੋਂ ਬਾਕੀ ਕੰਮ ਸ਼ੁਰੂ ਹੋ ਸਕਦਾ ਹੈ।

ਨਵੇਂ ਸਿਰੇ ਤੋਂ ਫਿਕਸ ਕਰਨੀ ਹੋਵੇਗੀ ਡੈੱਡਲਾਈਨ

ਹਲਵਾਰਾ ਏਅਰਪੋਰਟ ਪ੍ਰਾਜੈਕਟ ਦੀ ਡੈੱਡਲਾਈਨ ਪਿਛਲੇ 2.5 ਸਾਲ ਦੌਰਾਨ 11 ਵਾਰ ਨਿਕਲ ਚੁੱਕੀ ਹੈ। ਹੁਣ ਜੁਲਾਈ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਪਰ ਇਸ ਡੈੱਡਲਾਈਨ ਤੋਂ ਠੀਕ ਪਹਿਲਾ ਏਅਰਫੋਰਸ ਸਟੇਸ਼ਨ ਦੇ ਅੰਦਰੂਨੀ ਹਿੱਸੇ ’ਚ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਪੂਰਾ ਹੋਣ ’ਚ ਇਕ ਤੋਂ ਡੇਢ ਮਹੀਨੇ ਦਾ ਸਮਾਂ ਲੱਗ ਸਕਦਾ ਹੈ।

ਉਸ ਤੋਂ ਬਾਅਦ ਪੀ. ਡਬਲਯੂ. ਡੀ. ਵਿਭਾਗ ਵੱਲੋਂ ਬਾਕੀ ਕੰਮ ਸ਼ੁਰੂ ਅਤੇ ਪੂਰਾ ਕੀਤਾ ਜਾ ਸਕਦਾ ਹੈ, ਜਿਸ ਵਿਚ ਵੀ ਇਕ ਮਹੀਨੇ ਦਾ ਸਮਾਂ ਲੱਗੇਗਾ। ਸ਼ਾਇਦ ਇਹੀ ਵਜ੍ਹਾ ਹੈ ਕਿ ਫਿਲਹਾਲ ਨਵੇਂ ਸਿਰੇ ਤੋਂ ਡੈੱਡਲਾਈਨ ਫਿਕਸ ਨਹੀਂ ਕੀਤੀ ਗਈ ਹੈ ਅਤੇ ਅਫਸਰ ਵੀ ਇਸ ਬਾਰੇ ਕੁਝ ਦੱਸਣ ਦੀ ਸਥਿਤੀ ’ਚ ਨਹੀਂ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News