ਅੰਮ੍ਰਿਤਸਰ-ਜਾਮਨਗਰ ਐਕਸਪ੍ਰੈਸਵੇਅ ਲਈ ਲੁਧਿਆਣਾ-ਬਠਿੰਡਾ ਸੈਕਸ਼ਨ ਦੀਆਂ ਜ਼ਮੀਨਾਂ ਐਕਵਾਇਰ ਕਰਨ ਦਾ ਕੰਮ ਸ਼ੁਰੂ
Wednesday, May 14, 2025 - 09:04 AM (IST)

ਹਲਵਾਰਾ (ਲਾਡੀ) : ਭਾਰਤ ਮਾਲਾ ਸੜਕ ਪ੍ਰਾਜੈਕਟ ਤਹਿਤ ਬਣ ਰਹੇ ਅੰਮ੍ਰਿਤਸਰ-ਜਾਮਨਗਰ ਗ੍ਰੀਨਫੀਲਡ ਐਕਸਪ੍ਰੈਸਵੇਅ 754 ਦੇ ਹਿੱਸੇ ਵਜੋਂ ਲੁਧਿਆਣਾ ਤੋਂ ਬਠਿੰਡਾ ਤੱਕ ਦੇ ਰਸਤੇ ਲਈ ਜ਼ਮੀਨਾਂ ਐਕਵਾਇਰ ਕਰਨ ਦੀ ਪ੍ਰਕਿਰਿਆ ਅੱਜ ਸ਼ੁਰੂ ਹੋ ਗਈ। ਐਨਐਚਏਆਈ ਵੱਲੋਂ ਹਲਵਾਰਾ, ਰਾਜੋਆਣਾ, ਬੁਰਜ ਲਿਟਾਂ, ਲੀਲ ਆਦਿ ਪਿੰਡਾਂ ਵਿੱਚ ਜ਼ਮੀਨ (ਜਾਇਦਾਦ) ਐਕਵਾਇਰ ਕਰਨ ਦੀ ਕਾਰਵਾਈ ਕੀਤੀ ਗਈ। ਇਸ ਮੌਕੇ ਭਾਰੀ ਪੁਲਸ ਬਲ ਵੀ ਤਾਇਨਾਤ ਕੀਤਾ ਗਿਆ ਸੀ।
ਇਹ ਐਕਸਪ੍ਰੈਸਵੇਅ ਰਾਹੀਂ ਬੱਲੋਵਾਲ ਤੋਂ ਸ਼ੁਰੂ ਹੋ ਕੇ ਰਾਏਕੋਟ ਖੇਤਰ ਦੇ 36 ਪਿੰਡਾਂ ਰਾਹੀਂ ਹੋ ਕੇ ਇਹ ਸੜਕ ਬਠਿੰਡਾ ਤੱਕ ਪਹੁੰਚੇਗੀ। ਅਧਿਕਾਰੀਆਂ ਦੇ ਨਾਲ-ਨਾਲ ਸਿਵਲ ਪ੍ਰਸ਼ਾਸਨ ਅਤੇ ਮਾਲ ਵਿਭਾਗ ਦੀ ਮੌਜੂਦਗੀ ਵਿੱਚ ਜ਼ਮੀਨ ਕਬਜ਼ੇ ਦੀ ਕਾਰਵਾਈ ਕੀਤੀ ਗਈ। ਕਿਸਾਨਾਂ ਵੱਲੋਂ ਇਸ ਕਾਰਵਾਈ ਵਿਰੁੱਧ ਕੋਈ ਧੱਕਾ ਮੁੱਕੀ ਨਹੀਂ ਹੋਈ ਪਰ ਉਨ੍ਹਾਂ ਦੇ ਵਿਰੋਧ ਨੂੰ ਪੁਲਸ ਨੇ ਦਬਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਵੀ ਇਸ ਪ੍ਰੋਜੈਕਟ ਵਿੱਚ ਆ ਗਈ ਹੈ। ਉਨ੍ਹਾਂ ਅਲੋਚਨਾ ਕੀਤੀ ਕਿ ਜਦ ਕਿ ਇਹ ਮਾਮਲਾ ਪਟਿਆਲਾ ਕਮਿਸ਼ਨਰ ਕੋਲ ਪੈਂਡਿੰਗ ਹੈ, ਫਿਰ ਵੀ ਉਨ੍ਹਾਂ ਦੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕੀਤਾ ਗਿਆ।
ਇਹ ਵੀ ਪੜ੍ਹੋ : ਭਾਰਤ ਦੀ ਕਾਰਵਾਈ ਤੋਂ ਬੌਖਲਾਇਆ Pakistan, ਭਾਰਤੀ ਡਿਪਲੋਮੈਟ ਨੂੰ 24 ਘੰਟਿਆਂ ਅੰਦਰ ਦੇਸ਼ ਛੱਡਣ ਦਾ ਹੁਕਮ
ਕਈ ਹੋਰ ਕਿਸਾਨਾਂ ਦੇ ਵੀ ਕੇਸ ਹਾਈ ਕੋਰਟ ਵਿੱਚ ਚੱਲ ਰਹੇ ਹਨ ਅਤੇ ਕੁਝ ਕਿਸਾਨ ਸੁਪਰੀਮ ਕੋਰਟ ਜਾਣ ਲਈ ਵੀ ਤਿਆਰ ਹਨ। ਕਿਸਾਨਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਪ੍ਰਤੀ ਏਕੜ ਸਿਰਫ 50 ਲੱਖ ਰੁਪਏ ਦੇ ਕਰੀਬ ਮੁਆਵਜ਼ਾ ਦਿੱਤਾ ਜਾ ਰਿਹਾ ਹੈ, ਜਦ ਕਿ ਜੰਮੂ-ਕਟੜਾ ਐਕਸਪ੍ਰੈਸਵੇਅ ਲਈ 85 ਲੱਖ ਰੁਪਏ ਤੋਂ ਵੱਧ ਮੁਆਵਜ਼ਾ ਦਿੱਤਾ ਗਿਆ। ਕਿਸਾਨਾਂ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਵੀ ਉਸੇ ਤਰ੍ਹਾਂ ਦਾ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਐਸ. ਡੀ. ਐਮ ਰਾਏਕੋਟ ਗੁਰਬੀਰ ਸਿੰਘ ਕੋਹਲੀ, ਡੀ. ਐਸ.ਪੀ. (ਡੀ) ਇੰਦਰਜੀਤ ਸਿੰਘ ਬੋਪਾਰਾਏ, ਡੀ. ਐਸ. ਪੀ ਰਾਏਕੋਟ ਹਰਜਿੰਦਰ ਸਿੰਘ, ਤਹਿਸੀਲਦਾਰ ਵਿਸ਼ਾਲ ਵਰਮਾ, ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਅਤੇ ਪੁਲਸ ਫੋਰਸ ਨਾਲ ਮੌਕੇ ਤੇ ਪੁੱਜੇ।
ਕੀ ਕਹਿਣਾ ਹੈ ਐੱਸ. ਡੀ. ਐੱਮ. ਰਾਏਕੋਟ ਦਾ
ਇਸ ਸਬੰਧੀ ਜਦੋਂ ਐੱਸ. ਡੀ. ਐੱਮ. ਗੁਰਬੀਰ ਸਿੰਘ ਕੋਹਲੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਨਿਰਧਾਰਤ ਮੁਆਵਜ਼ਾ ਦੇਣ ਲਈ ਤਿਆਰ ਹੈ ਅਤੇ ਕਿਸਾਨ ਇਹ ਰਕਮ ਕਿਸੇ ਵੀ ਵੇਲੇ ਲੈ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕਿਸੇ ਅਦਾਲਤ ਜਾਂ ਸੰਸਥਾ ਵੱਲੋਂ ਮੁਆਵਜ਼ਾ ਵਧਾਇਆ ਜਾਂਦਾ ਹੈ ਤਾਂ ਨਵਾਂ ਮੁਆਵਜ਼ਾ ਵੀ ਕਿਸਾਨਾਂ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8