ਗੈਂਗਸਟਰ ਪੰਕਜ ਰਾਜਪੂਤ ਨੂੰ ਲੁਧਿਆਣਾ ਪੁਲਸ ਦਿੱਲੀਓਂ ਲਿਆਈ ਪ੍ਰੋਡਕਸ਼ਨ ਵਾਰੰਟ ’ਤੇ, ਰਿਮਾਂਡ ਦੌਰਾਨ ਹੋਣਗੇ ਵੱਡੇ ਖੁਲਾਸੇ
Tuesday, Mar 17, 2026 - 11:09 AM (IST)
ਲੁਧਿਆਣਾ (ਰਾਜ) : ਕਮਿਸ਼ਨਰੇਟ ਪੁਲਸ ਦੀ ਸੀ. ਆਈ. ਏ. ਟੀਮ ਖਤਰਨਾਕ ਗੈਂਗਸਟਰ ਪੰਕਜ ਰਾਜਪੂਤ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲੈ ਕੇ ਆਈ ਹੈ। ਦੱਸ ਦੇਈਏ ਕਿ ਦਿੱਲੀ ਪੁਲਸ ਨੇ ਕਰੀਬ ਇਕ ਮਹੀਨੇ ਪਹਿਲਾਂ ਹੀ ਇਸ ਨੂੰ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਇਸ ਦੇ ਇਕ ਰਿਸ਼ਤੇਦਾਰ ਦੇ ਘਰੋਂ ਦਬੋਚਿਆ ਸੀ ਜਿਸ ਤੋਂ ਬਾਅਦ ਤੋਂ ਇਹ ਦਿੱਲੀ ਦੀ ਜੇਲ ਵਿਚ ਬੰਦ ਸੀ। ਹੁਣ ਲੁਧਿਆਣਾ ਪੁਲਸ ਇਸ ਨੂੰ ਇੱਥੇ ਦਰਜ ਮਾਮਲਿਆਂ ਦੀਆਂ ਕੜੀਆਂ ਜੋੜਨ ਲਈ ਲੈ ਕੇ ਆਈ ਹੈ ਜਿਸ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਸ ਦੇ ਅਪਰਾਧ ਸਿੰਡੀਕੇਟ ਦੀ ਡੂੰਘਾਈ ਤੱਕ ਪੁੱਜਿਆ ਜਾ ਸਕੇ।
ਇਹ ਵੀ ਪੜ੍ਹੋ : '1000-1000 ਨਹੀਂ, 48000 ਚਾਹੀਦਾ...' AAP ਵਿਧਾਇਕ ਦੇ ਦਫ਼ਤਰ ਅੱਗੇ ਪ੍ਰਦਰਸ਼ਨ ਦੌਰਾਨ ਭੱਖ ਗਿਆ ਮਾਹੌਲ
ਅਸਲ ਵਿਚ ਪੰਕਜ ਰਾਜਪੂਤ ਕੋਈ ਆਮ ਅਪਰਾਧੀ ਨਹੀਂ ਹੈ, ਸਗੋਂ ਇਸ ਦੇ ਖਿਲਾਫ ਲੁਧਿਆਣਾ ਦੇ ਡਵੀਜ਼ਨ ਨੰ.2, ਬਸਤੀ ਜੋਧੇਵਾਲ ਅਤੇ ਡਵੀਜ਼ਨ ਨੰ.7 ਸਮੇਤ ਸੰਗਰੂਰ, ਫਿਰੋਜ਼ਪੁਰ ਅਤੇ ਬਠਿੰਡਾ ਵਰਗੇ ਜਿਲਿਆਂ ਵਿਚ 16 ਤੋਂ ਵੱਧ ਸੰਗੀਨ ਅਪਰਾਧਕ ਮਾਮਲੇ ਦਰਜ ਹਨ। ਪੁਲਸ ਰਿਕਾਰਡ ਦੀ ਮੰਨੀਏ ਤਾਂ ਇਹ ਸ਼ਾਤਰ ਅਪਰਾਧੀ ਸਾਲ 2023 ਵਿਚ ਜ਼ਮਾਨਤ ’ਤੇ ਬਾਹਰ ਆਉਣ ਤੋਂ ਬਾਅਦ ਅਮਰੀਕਾ ਫਰਾਰ ਹੋ ਗਿਆ ਸੀ ਤੇ ਉਥੇ ਹੀ ਬੈਠ ਕੇ ਲੁਧਿਆਣਾ ਵਿਚ ਆਪਣਾ ਡਰੱਗ ਅਤੇ ਹਥਿਆਰਾਂ ਦਾ ਕਾਲਾ ਸਾਮਰਾਜ ਚਲਾ ਰਿਹਾ ਸੀ। ਇਸ ਦੀ ਕ੍ਰਾਇਮ ਹਿਸਟਰੀ ਇੰਨੀ ਪੁਰਾਣੀ ਹੈ ਕਿ 2019 ਵਿਚ ਜਦੋਂ ਇਹ ਲੁਧਿਆਣਾ ਸੈਂਟ੍ਰਲ ਜੇਲ ਵਿਚ ਬੰਦ ਸੀ, ਉਦੋਂ ਵੀ ਇਸ ਦੇ ਕੋਲੋਂ ਮੋਬਾਇਲ ਫੋਨ ਬਰਾਮਦ ਹੋਇਆ ਸੀ। ਜੋ ਜੇਲ ਪ੍ਰਸ਼ਾਸਨ ਦੀ ਸੁਰੱਖਿਆ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਸੀ। ਇਸ ਗੈਂਗਸਟਰ ਦੇ ਨੈੱਟਵਰਕ ਨੂੰ ਤਬਾਹ ਕਰਨ ਲਈ ਪੁਲਸ ਲੰਬੇ ਸਮੇਂ ਤੋਂ ਜਾਲ ਵਿਛਾ ਰਹੀ ਸੀ ਕਿਉਂਕਿ ਇਸ ਦੇ ਗੁਰਗੇ ਲਗਾਤਾਰ ਸ਼ਹਿਰ ਵਿਚ ਦਹਿਸ਼ਤ ਫੈਲਾ ਰਹੇ ਸਨ।
ਇਹ ਵੀ ਪੜ੍ਹੋ : FASTag ਐਨੂਅਲ ਪਾਸ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਕਿੰਨਾ ਕਰਨਾ ਹੋਵੇਗਾ ਭੁਗਤਾਨ
ਗੌਰ ਹੋਵੇ ਕਿ ਬੀਤੇ ਸਾਲ 18 ਅਗਸਤ 2025 ਨੂੰ ਸੀ.ਆਈ.ਏ. ਸਟਾਫ ਨੇ ਇਸ ਦੇ ਬੇਹੱਦ ਕਰੀਬੀ ਮੁਕੁਲ ਮੱਟੂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਨਾਜਾਇਜ਼ ਹਥਿਆਰਾਂ ਦੇ ਨਾਲ ਦਬੋਚਿਆ ਸੀ। ਇੰਨਾ ਹੀ ਨਹੀਂ, ਮਈ 2025 ਵਿਚ ਜਗਰਾਓਂ ਵਿਚ ਹੋਈ ਇਕ ਮੁਠਭੇੜ ਦੌਰਾਨ ਪੁਲਸ ਨੇ 15 ਮਾਮਲਿਆਂ ਵਿਚ ਨਾਮਜਦ ਰੌਸ਼ਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਸਬੰਧੀ ਪੁਖਤਾ ਸ਼ੱਕ ਸੀ ਕਿ ਉਹ ਸਿੱਧੇ ਅਮਰੀਕਾ ਵਿਚ ਬੈਠੇ ਪੰਕਜ ਰਾਜਪੂਤ ਦੇ ਇਸ਼ਾਰਿਆਂ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ। ਐੱਸ.ਟੀ.ਐੱਫ. ਲੁਧਿਆਣਾ ਵੀ ਮਾਰਚ 2023 ਵਿਚ ਇਸ ਗੈਂਗ ਦੇ ਇਕ ਵੱਡੇ ਡਰੱਗ ਰੈਕਟ ਦਾ ਭਾਂਡਾ ਭੰਨ ਚੁੱਕੀ ਹੈ ਜਿਸ ਵਿਚ 2 ਕਿਲੋ ਤੋਂ ਵੱਧ ਹੈਰੋਇਨ ਫੜੀ ਗਈ ਸੀ। ਹੁਣ ਜਦੋਂਕਿ ਪੰਕਜ ਰਾਜਪੂਤ ਖੁਦ ਪੁਲਸ ਦੀ ਗ੍ਰਿਫਤਰ ਵਿਚ ਹੈ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਰਿਮਾਂਡ ਦੌਰਾਨ ਕਈ ਸਫੇਦਪੋਸ਼ਾਂ ਤੇ ਇਸ ਦੇ ਵਿਦੇਸ਼ੀ ਸੰਪਰਕਾਂ ਦੇ ਚਿਹਰੇ ਬੇਨਕਾਬ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
