ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਦਾ ਮਾੜਾ ਹਾਲ! ਪੁਲਸ ਦੀ ਬੇਰੁਖੀ ਨਾਲ ਫੁੱਲਣ ਲੱਗੀਆਂ ਲਾਸ਼ਾਂ

Thursday, Mar 19, 2026 - 07:12 PM (IST)

ਲੁਧਿਆਣਾ ਸਿਵਲ ਹਸਪਤਾਲ ਦੀ ਮੋਰਚਰੀ ਦਾ ਮਾੜਾ ਹਾਲ! ਪੁਲਸ ਦੀ ਬੇਰੁਖੀ ਨਾਲ ਫੁੱਲਣ ਲੱਗੀਆਂ ਲਾਸ਼ਾਂ

ਲੁਧਿਆਣਾ (ਰਾਜ): ਸ਼ਹਿਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਇਸ ਸਮੇਂ ਲਾਵਾਰਿਸ ਲਾਸ਼ਾਂ ਦੇ ਬੋਝ ਹੇਠ ਕਰਾਹ ਰਹੀ ਹੈ। ਇਕ ਪਾਸੇ ਜਿੱਥੇ ਮੌਤ ਦਾ ਮਾਤਮ ਹੈ, ਉੱਥੇ ਹੀ ਦੂਜੇ ਪਾਸੇ ਪੁਲਿਸ ਪ੍ਰਣਾਲੀ ਦੀ ਬੇਰੁਖੀ ਨੇ ਹਸਪਤਾਲ ਪ੍ਰਬੰਧਕਾਂ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਆਲਮ ਇਹ ਹੈ ਕਿ ਮੋਰਚਰੀ ਵਿੱਚ ਲਾਵਾਰਿਸ ਲਾਸ਼ਾਂ ਦਾ ਅੰਬਾਰ ਲੱਗ ਗਿਆ ਹੈ ਅਤੇ ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਾ ਹੈ। ਮੌਜੂਦਾ ਸਮੇਂ ਵਿੱਚ ਇੱਥੇ 20 ਅਜਿਹੇ ਬਦਨਸੀਬਾਂ ਦੀਆਂ ਲਾਸ਼ਾਂ ਪਈਆਂ ਹਨ, ਜਿਨ੍ਹਾਂ ਦਾ ਵਾਰਿਸ ਬਣਨ ਲਈ ਕੋਈ ਸਾਹਮਣੇ ਨਹੀਂ ਆਇਆ। ਹਸਪਤਾਲ ਪ੍ਰਬੰਧਕਾਂ ਵੱਲੋਂ ਵਾਰ-ਵਾਰ ਪੁਲਿਸ ਨੂੰ ਰੁੱਕੇ ਭੇਜੇ ਗਏ, ਰੀਮਾਈਂਡਰਾਂ ਦੀ ਝੜੀ ਲਗਾ ਦਿੱਤੀ ਗਈ, ਪਰ ਖਾਕੀ ਦੀ ਸੁਸਤੀ ਦੇ ਚਲਦਿਆਂ ਇਨ੍ਹਾਂ ਲਾਸ਼ਾਂ ਨੂੰ ਅੰਤਿਮ ਵਿਦਾਈ ਨਸੀਬ ਨਹੀਂ ਹੋ ਰਹੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ 20 ਵਿੱਚੋਂ 10 ਲਾਸ਼ਾਂ ਅਜਿਹੀਆਂ ਹਨ ਜੋ ਪਿਛਲੇ 9 ਤੋਂ ਲੈ ਕੇ 41 ਦਿਨਾਂ ਤੋਂ ਫ੍ਰੀਜ਼ਰ ਵਿੱਚ ਪਈਆਂ-ਪਈਆਂ ਗਲ ਰਹੀਆਂ ਹਨ। 

ਸਰਕਾਰੀ ਫਾਈਲਾਂ ਵਿਚ ਇਹ ਮਹਿਜ਼ ਇਕ ਨੰਬਰ ਹਨ, ਪਰ ਹਸਪਤਾਲ ਲਈ ਇਹ ਮੁਸੀਬਤ ਦਾ ਸਬੱਬ ਬਣ ਚੁੱਕੀਆਂ ਹਨ। ਪੁਲਿਸ ਦੀ ਕਾਰਜਪ੍ਰਣਾਲੀ 'ਤੇ ਸਭ ਤੋਂ ਵੱਡਾ ਸਵਾਲ ਥਾਣਾ ਮੋਤੀ ਨਗਰ ਖੜ੍ਹਾ ਕਰ ਰਿਹਾ ਹੈ, ਕਿਉਂਕਿ ਇਨ੍ਹਾਂ 10 ਪੁਰਾਣੀਆਂ ਲਾਸ਼ਾਂ ਵਿੱਚੋਂ ਇਕੱਲੇ 6 ਲਾਸ਼ਾਂ ਇਸੇ ਥਾਣਾ ਖੇਤਰ ਨਾਲ ਸਬੰਧਤ ਹਨ। ਹਸਪਤਾਲ ਦੀ ਮੋਰਚਰੀ ਵਿੱਚ ਸਭ ਤੋਂ ਪੁਰਾਣੀਆਂ 2 ਲਾਸ਼ਾਂ 7 ਫਰਵਰੀ ਤੋਂ ਪਈਆਂ ਹਨ, ਜੋ ਪੁਲਿਸ ਦੀ ਸੁਸਤੀ ਦੀ ਗਵਾਹੀ ਦੇ ਰਹੀਆਂ ਹਨ। ਇਨ੍ਹਾਂ ਵਿੱਚੋਂ 6 ਲਾਸ਼ਾਂ ਫਰਵਰੀ ਮਹੀਨੇ ਦੀਆਂ ਹਨ ਅਤੇ 4 ਮਾਰਚ ਦੀਆਂ, ਜਿਨ੍ਹਾਂ ਨੂੰ ਹੁਣ ਤੱਕ ਡਿਸਪੋਜ਼ ਆਫ ਕਰ ਦਿੱਤਾ ਜਾਣਾ ਚਾਹੀਦਾ ਸੀ। 35 ਲਾਸ਼ਾਂ ਦੀ ਸਮਰੱਥਾ ਵਾਲੀ ਇਸ ਮੋਰਚਰੀ ਵਿੱਚ ਹੁਣ ਨਵੀਆਂ ਲਾਸ਼ਾਂ ਰੱਖਣ ਲਈ ਜਗ੍ਹਾ ਤਲਾਸ਼ਣੀ ਪ੍ਰਬੰਧਕਾਂ ਲਈ ਟੇਢੀ ਖੀਰ ਸਾਬਤ ਹੋ ਰਹੀ ਹੈ। ਮੋਰਚਰੀ ਹੌਲੀ-ਹੌਲੀ ਅਣਪਛਾਤੀਆਂ ਲਾਸ਼ਾਂ ਨਾਲ ਪੂਰੀ ਤਰ੍ਹਾਂ ਭਰਨ ਦੀ ਕਗਾਰ 'ਤੇ ਹੈ। ਇਨ੍ਹਾਂ ਮ੍ਰਿਤਕਾਂ ਵਿੱਚ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਹੀ ਮੌਤ ਹੋਈ ਸੀ, ਜਦੋਂ ਕਿ ਕੁਝ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਇੱਥੇ ਪਹੁੰਚੇ ਸਨ। ਹਸਪਤਾਲ ਪ੍ਰਸ਼ਾਸਨ ਹੁਣ ਇਸ ਕਸ਼ਮਕਸ਼ ਵਿੱਚ ਹੈ ਕਿ ਜੇਕਰ ਪੁਲਿਸ ਨੇ ਜਲਦੀ ਹੀ ਇਨ੍ਹਾਂ ਲਾਵਾਰਿਸਾਂ ਦੀ ਸਾਰ ਨਾ ਲਈ, ਤਾਂ ਆਉਣ ਵਾਲੇ ਦਿਨਾਂ ਵਿਚ ਸਥਿਤੀ ਹੋਰ ਵੀ ਬਦਤਰ ਹੋ ਜਾਵੇਗੀ।


author

Anmol Tagra

Content Editor

Related News