ਮਹਿਲਾ ਵੋਟਰਾਂ ਨੇ ਪਾਰ ਕੀਤਾ 1 ਕਰੋੜ ਦਾ ਅੰਕੜਾ
Friday, Jan 14, 2022 - 09:12 PM (IST)
ਚੰਡੀਗੜ੍ਹ (ਐੱਚ. ਸੀ. ਸ਼ਰਮਾ) : ਸਾਲ 2017 ’ਚ ਹੋਈਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਬੀਤੀ 1 ਜਨਵਰੀ ਤੱਕ ਸੋਧ ਕਰਕੇ ਜਾਰੀ ਕੀਤੀਆਂ ਵੋਟਰ ਸੂਚੀਆਂ ਅਨੁਸਾਰ ਇਸ ਮਿਆਦ ਦੌਰਾਨ ਸੂਬੇ ’ਚ ਮਹਿਲਾ ਵੋਟਰਾਂ ਦੀ ਗਿਣਤੀ ’ਚ ਪੁਰਸ਼ ਵੋਟਰਾਂ ਦੀ ਗਿਣਤੀ ਦੇ ਮੁਕਾਬਲੇ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਹੀ ਨਹੀਂ ਸੂਬੇ ’ਚ ਮਹਿਲਾ ਵੋਅਰਾਂ ਦੀ ਗਿਣਤੀ ਨੇ 1 ਕਰੋੜ ਦਾ ਅੰਕੜਾ ਵੀ ਪਾਰ ਕਰ ਲਿਆ ਹੈ।
ਪੁਰਸ਼ ਵੋਟਰਾਂ ਦੇ ਮੁਕਾਬਲੇ ਜ਼ਿਆਦਾ ਵਾਧਾ
ਸੂਬੇ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਵਲੋਂ ਮਿਲੇ ਡਾਟਾ ਅਨੁਸਾਰ ਸਾਲ 2017 ਵਿਧਾਨ ਸਭਾ ਚੋਣਾਂ ’ਚ 1,98,79,069 ਯੋਗ ਵੋਟਰ ਸਨ। ਇਸ ਵਾਰ 2,12,75,066 ਹਨ। ਮਹਿਲਾ ਵੋਟਰ 1,00,86,514 ਹਨ। ਕੁਲ ਯੋਗ ਵੋਟਰਾਂ ’ਚ 13,95,997 ਵਾਧਾ ਦਰਜ ਕੀਤਾ ਗਿਆ ਹੈ। ਪੁਰਸ਼ ਵੋਟਰਾਂ ’ਚ 6,84,749 ਅਤੇ ਮਹਿਲਾ ਵੋਟਰਾਂ ’ਚ 7,10,968 ਅਤੇ ਥਰਡ ਜੈਂਡਰ ’ਚ 280 ਦਾ ਵਾਧਾ ਦਰਜ ਕੀਤਾ ਗਿਆ ਹੈ। ਮਹਿਲਾ ਵੋਟਰਾਂ ’ਚ ਪੁਰਸ਼ ਵੋਟਰਾਂ ਦੇ ਮੁਕਾਬਲੇ 26,219 ਦਾ ਵਾਧਾ ਦਰਜ ਕੀਤਾ ਗਿਆ ਹੈ।
ਪਹਿਲੀ ਵਾਰ ਵੋਟ ਪਾਉਣਗੇ 2,78,969 ਵੋਟਰ
ਸੂਬਾ ਚੋਣ ਕਮਿਸ਼ਨ ਵਲੋਂ ਪਿਛਲੇ 1 ਜਨਵਰੀ ਤਕ ਸੋਧੇ ਗਏ ਵੋਟਰ ਡਾਟਾ ਅਨੁਸਾਰ ਸੂਬੇ ’ਚ 80 ਸਾਲਾਂ ਤੋਂ ਜ਼ਿਆਦਾ ਉਮਰ ਵਰਗ ਦੇ 5,13,229 ਵੋਟਰ ਇਸ ਵਾਰ ਆਪਣੇ ਵੋਟ ਦੇ ਅਧਿਕਾਰ ਨੂੰ ਪ੍ਰਯੋਗ ਕਰ ਸਕਣਗੇ, ਜਦੋਂ ਕਿ 18-19 ਸਾਲ ਉਮਰ ਵਰਗ ਦੇ 2,78,969 ਨਵੇਂ ਵੋਟਰ ਵੋਟਿੰਗ ਦੇ ਅਧਿਕਾਰ ਦਾ ਪ੍ਰਯੋਗ ਕਰਨਗੇ। ਦਿਵਿਆਂਗ ਵੋਟਰਾਂ ਦੀ ਗਿਣਤੀ 1,44,667 ਹੈ। ਸੂਬਾ ਚੋਣ ਅਧਿਕਾਰੀ ਦਫ਼ਤਰ ਅਨੁਸਾਰ ਵੋਟ ਪ੍ਰਬੰਧਨ ਲਈ ਇਸ ਵਾਰ ਸਾਲ 2017 ਦੇ ਮੁਕਾਬਲੇ 2074 ਵੋਟਿੰਗ ਕੇਂਦਰ ਜ਼ਿਆਦਾ ਸਥਾਪਿਤ ਕੀਤੇ ਗਏ ਹਨ। ਸਾਲ 2017 ’ਚ ਇਨ੍ਹਾਂ ਦੀ ਗਿਣਤੀ 22615 ਸੀ, ਜਿਸ ਨੂੰ ਵਧਾ ਕੇ 24689 ਕਰ ਦਿੱਤਾ ਗਿਆ ਹੈ। ਡਾਟਾ ਅਨੁਸਾਰ 14 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ’ਚ 1601 ਪ੍ਰਵਾਸੀ ਭਾਰਤੀ ਆਪਣੇੀ ਵੋਟ ਦਾ ਪ੍ਰਯੋਗ ਕਰ ਸਕਣਗੇ।