ਪੰਜਾਬ ਵਿਚ 600 ਕਰੋੜ ਦਾ ਪ੍ਰੋਜੈਕਟ ਹੋ ਗਿਆ ਠੱਪ, ਵੱਡੀ ਗਿਣਤੀ ਬੰਦ ਹੋ ਗਈਆਂ ਸਰਕਾਰ ਦੀਆਂ ਬੱਸਾਂ
Wednesday, Mar 18, 2026 - 01:39 PM (IST)
ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਬੀ. ਆਰ. ਟੀ. ਐੱਸ. (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਅਤੇ ਸਿਟੀ ਬੱਸ ਪ੍ਰਾਜੈਕਟ ਅੱਜ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ। ਇਕ ਸਮੇਂ ਸ਼ਹਿਰ ਦੇ ਵਿਕਾਸ ਦੀ ਨਿਸ਼ਾਨੀ ਵਜੋਂ ਪੇਸ਼ ਕੀਤੇ ਗਏ ਇਹ ਪ੍ਰਾਜੈਕਟ ਹੁਣ ਕਬਾੜ ਬਣ ਕੇ ਖੜ੍ਹੇ ਹਨ, ਜਿਸ ਨਾਲ ਲੋਕਾਂ ਦਾ ਟੈਕਸ ਰੂਪੀ ਪੈਸਾ ਬਰਬਾਦ ਹੋਇਆ ਹੈ। ਲਗਭਗ 600 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਇਸ ਪ੍ਰੋਜੈਕਟ ਹੇਠ 90 ਤੋਂ ਵੱਧ ਏ. ਸੀ. ਬੱਸਾਂ ਖਰੀਦੀਆਂ ਗਈਆਂ ਅਤੇ ਕਰੀਬ 35 ਬੱਸ ਸਟਾਪ ਬਣਾਏ ਗਏ। ਜੀ. ਟੀ. ਰੋਡ ’ਤੇ ਉੱਚਾ ਕੋਰੀਡੋਰ ਤਿਆਰ ਕੀਤਾ ਗਿਆ ਅਤੇ ਬੱਸ ਸਟਾਪਾਂ ਤੱਕ ਪਹੁੰਚ ਲਈ ਲਿਫਟਾਂ ਵੀ ਲਗਾਈਆਂ ਗਈਆਂ। ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਟ੍ਰੈਫਿਕ ਦੀ ਸਮੱਸਿਆ ਘਟੇਗੀ ਅਤੇ ਲੋਕਾਂ ਨੂੰ ਆਸਾਨ ਅਤੇ ਸਸਤੀ ਪਬਲਿਕ ਟਰਾਂਸਪੋਰਟ ਮਿਲੇਗੀ ਪਰ ਮੌਜੂਦਾ ਹਾਲਾਤ ਇਸ ਦੇ ਉਲਟ ਹਨ। ਬੱਸਾਂ ਬਿਨਾਂ ਵਰਤੋਂ ਦੇ ਖੜ੍ਹਿਆਂ ਧੂੜ ਖਾ ਰਹੀਆਂ ਹਨ, ਬੱਸ ਸਟਾਪਾਂ ਦੀਆਂ ਛੱਤਾਂ ਖਰਾਬ ਹੋ ਚੁੱਕੀਆਂ ਹਨ ਅਤੇ ਢਾਂਚਾ ਖੰਡਰ ਬਣਦਾ ਜਾ ਰਿਹਾ ਹੈ। ਲਿਫਟਾਂ ਬੰਦ ਪਈਆਂ ਹਨ ਅਤੇ ਸੰਭਾਲ ਲਈ ਕੋਈ ਢੰਗ ਦੀ ਵਿਵਸਥਾ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਸੂਬੇ ਵਿਚ ਪੈਦਾ ਹੋਏ ਹਾਲਾਤ ਨੂੰ ਦੇਖਦਿਆਂ ਪੰਜਾਬ ਦੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ
ਲੋਕਾਂ ਵਿਚ ਗੁੱਸਾ, ਸਰਕਾਰ ਤੋਂ ਹਿਸਾਬ ਦੀ ਮੰਗ
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਹ ਮਿਹਨਤ ਕਰ ਕੇ ਟੈਕਸ ਭਰਦੇ ਹਨ ਪਰ ਸਰਕਾਰਾਂ ਇਸ ਨੂੰ ਬੇਦਰਦੀ ਨਾਲ ਬਰਬਾਦ ਕਰ ਰਹੀਆਂ ਹਨ। ਲੋਕਾਂ ਅਨੁਸਾਰ ਇਹ ਸਿਰਫ਼ ਨਾਕਾਮੀ ਨਹੀਂ, ਸਗੋਂ ਵੱਡੇ ਪੱਧਰ ਦੀ ਲਾਪ੍ਰਵਾਹੀ ਹੈ, ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਪਹਿਲਾਂ ਖਾਲੀ ਦੌੜਾਈਆਂ, ਫਿਰ ਬੰਦ ਕਰ ਦਿੱਤੀਆਂ ਬੱਸਾਂ
ਲੋਕਾਂ ਦਾ ਦੋਸ਼ ਹੈ ਕਿ ਪਹਿਲਾਂ ਇਹ ਬੱਸਾਂ ਖਾਲੀ ਦੌੜਦੀਆਂ ਰਹੀਆਂ ਅਤੇ ਜਦੋਂ ਲੋਕਾਂ ਨੇ ਇਸ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਤਾਂ ਸੇਵਾ ਹੀ ਬੰਦ ਕਰ ਦਿੱਤੀ ਗਈ, ਜਿਸ ਨਾਲ ਪੂਰਾ ਪ੍ਰਾਜੈਕਟ ਬੇਮਤਲਬ ਹੋ ਗਿਆ।
ਇਹ ਵੀ ਪੜ੍ਹੋ : ਆਬਕਾਰੀ ਨੀਤੀ ਵਿਚ ਵੱਡਾ ਬਦਲਾਅ, ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਚੁੱਕਿਆ ਗਿਆ ਅਹਿਮ ਕਦਮ
ਬਦਲਵੀਂ ਵਰਤੋਂ ਦੀ ਮੰਗ
ਸ਼ਹਿਰ ਵਾਸੀਆਂ ਨੇ ਸੁਝਾਅ ਦਿੱਤਾ ਹੈ ਕਿ ਬੀ. ਆਰ. ਟੀ. ਐੱਸ. ਲਈ ਬਣਾਈ ਗਈ ਵੱਖਰੀ ਲੇਨ ਨੂੰ ਆਟੋ ਰਿਕਸ਼ਾ ਜਾਂ ਹੋਰ ਪਬਲਿਕ ਵਾਹਨਾਂ ਲਈ ਖੋਲ੍ਹਿਆ ਜਾਵੇ, ਤਾਂ ਜੋ ਟ੍ਰੈਫਿਕ ਸਮੱਸਿਆ ਘਟ ਸਕੇ ਅਤੇ ਢਾਂਚੇ ਦੀ ਕੁਝ ਬਦਲ ਵਜੋਂ ਵਰਤੋਂ ਹੋ ਸਕੇ।
ਤੀਰਥ ਯਾਤਰਾ ਸਕੀਮ ਵਿਚ ਬੀ. ਆਰ. ਟੀ. ਐੱਸ. ਬੱਸਾਂ ਕਿਉਂ ਨਹੀਂ ਵਰਤੀਆਂ ਗਈਆਂ?
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਹੇਠ ਬਾਹਰੋਂ ਪ੍ਰਾਈਵੇਟ ਬੱਸਾਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ’ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਲੋਕਾਂ ਦਾ ਸਵਾਲ ਹੈ ਕਿ ਜਦੋਂ ਬੀ. ਆਰ. ਟੀ. ਐੱਸ. ਦੀਆਂ ਬੱਸਾਂ ਪਹਿਲਾਂ ਹੀ ਬੰਦ ਪਈਆਂ ਸਨ ਤਾਂ ਉਨ੍ਹਾਂ ਨੂੰ ਵਰਤੋਂ ਵਿਚ ਕਿਉਂ ਨਹੀਂ ਲਿਆ ਗਿਆ। ਜੇ ਇਹ ਬੱਸਾਂ ਵਰਤੀਆਂ ਜਾਂਦੀਆਂ ਤਾਂ ਸਰਕਾਰੀ ਖਰਚੇ ਵਿਚ ਕਮੀ ਆ ਸਕਦੀ ਸੀ।
ਇਹ ਵੀ ਪੜ੍ਹੋ : 4 ਮਹੀਨਿਆਂ ਦਾ ਇਕੱਠਿਆਂ ਬਿੱਲ ਭੇਜੇਗਾ ਬਿਜਲੀ ਵਿਭਾਗ! 300 ਮੁਫਤ ਯੂਨਿਟਾਂ ਨੂੰ ਲੈ ਕੇ ਖਪਤਕਾਰ ਚਿੰਤਾ 'ਚ
ਸਿਟੀ ਬੱਸ ਸਟੈਂਡ ਵਿਚ ਚੋਰੀ, ਜ਼ਿੰਮੇਵਾਰ ਕੌਣ?
ਸਿਟੀ ਬੱਸ ਸਟੈਂਡ ਵਿਚ ਖੜ੍ਹੀਆਂ ਬੱਸਾਂ ਵਿਚੋਂ ਕੀਮਤੀ ਸਾਮਾਨ ਚੋਰੀ ਹੋਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਪਰ ਅਜੇ ਤੱਕ ਨਾ ਕੋਈ ਜ਼ਿੰਮੇਵਾਰ ਤੈਅ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਢੰਗ ਦੀ ਜਾਂਚ ਕੀਤੀ ਗਈ ਹੈ।
ਜਵਾਬਦੇਹ ਕੌਣ?
ਇਹ ਮਾਮਲਾ ਹੁਣ ਸਿਰਫ਼ ਇਕ ਪ੍ਰਾਜੈਕਟ ਦੀ ਨਾਕਾਮੀ ਨਹੀਂ, ਸਗੋਂ ਸਰਕਾਰੀ ਪ੍ਰਬੰਧ ਅਤੇ ਯੋਜਨਾਬੰਦੀ ’ਤੇ ਵੱਡਾ ਸਵਾਲ ਹੈ। ਸ਼ਹਿਰ ਦੇ ਲੋਕ ਉਡੀਕ ਕਰ ਰਹੇ ਹਨ ਕਿ ਕੀ ਇਸ 600 ਕਰੋੜ ਰੁਪਏ ਦੀ ਬਰਬਾਦੀ ਲਈ ਕੋਈ ਜਵਾਬਦੇਹ ਬਣੇਗਾ ਜਾਂ ਨਹੀਂ।
ਇਹ ਵੀ ਪੜ੍ਹੋ : ਪੰਜਾਬ ਦੇ ਪੈਨਸ਼ਨਰਾਂ ਲਈ ਹੋ ਗਿਆ ਵੱਡਾ ਐਲਾਨ, ਡੀ. ਏ. ਨੂੰ ਲੈ ਕੇ ਵੀ ਜਾਰੀ ਹੋਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
