ਪਤੀ ਗਿਆ ਸੀ ਕੰਮ ''ਤੇ, ਪਿੱਛੋਂ ਪਤਨੀ ਨੇ ਕਰ ਲਈ ਖੁਦਕੁਸ਼ੀ
Sunday, Jan 28, 2018 - 10:51 AM (IST)

ਜਲੰਧਰ (ਪ੍ਰੀਤ)— ਥਾਣਾ ਨੰਬਰ 8 ਅਧੀਨ ਆਉਂਦੇ ਸ਼ੰਕਰ ਗਾਰਡਨ ਇਲਾਕੇ ਵਿਚ ਔਰਤ ਨੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਘਟਨਾ ਪਿੱਛੇ ਮਾਨਸਿਕ ਪਰੇਸ਼ਾਨੀ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕਾ ਵਿੰਪੀ ਉਪਲ ਦੇ ਪਤੀ ਜਤਿੰਦਰ ਦੇ ਬਿਆਨਾਂ 'ਤੇ ਧਾਰਾ 174 ਦੇ ਅਧੀਨ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜੀ ਹੈ। ਜਾਣਕਾਰੀ ਮੁਤਾਬਕ ਜਤਿੰਦਰ ਉਪਲ ਸ਼ਨੀਵਾਰ ਨੂੰ ਕੰਮ 'ਤੇ ਗਏ ਸਨ। ਘਰ 'ਚ ਉਨ੍ਹਾਂ ਦੀ ਪਤਨੀ ਵਿੰਪੀ ਉਪਲ ਇਕੱਲੀ ਸੀ। ਦੁਪਹਿਰ ਦੇ ਸਮੇਂ ਜਦੋਂ ਵਾਪਸ ਪਰਤੇ ਤਾਂ ਘਰ ਦਾ ਦਰਵਾਜ਼ਾ ਅੰਦਰ ਤੋਂ ਬੰਦ ਸੀ ਅਤੇ ਕਿਸੇ ਨੇ ਨਹੀਂ ਖੋਲ੍ਹਿਆ। ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਏ ਤਾਂ ਵਿੰਪੀ ਦੀ ਲਾਸ਼ ਲਟਕ ਰਹੀ ਸੀ। ਵਿੰਪੀ ਦੀ ਅਜਿਹੀ ਹਾਲਤ ਦੇਖ ਉਹ ਹੈਰਾਨ ਰਹਿ ਗਏ। ਸੂਚਨਾ ਮਿਲਦੇ ਹੀ ਥਾਣਾ ਨੰ. 8 ਦੀ ਪੁਲਸ ਮੌਕੇ 'ਤੇ ਪੁੱਜੀ। ਦੇਰ ਸ਼ਾਮ ਥਾਣਾ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਘਰੇਲੂ ਪਰੇਸ਼ਾਨੀ ਦੱਸੀ ਜਾ ਰਹੀ ਹੈ। ਮ੍ਰਿਤਕਾ ਦਾ ਬੇਟਾ ਅਭਿਨਵ ਸਟੱਡੀ ਲਈ ਕੈਨੇਡਾ ਗਿਆ ਹੋਇਆ ਹੈ।