ਜਲੰਧਰ ''ਚ ਨੌਕਰੀ ਕਰਦੇ ਬਿਹਾਰ ਦੇ ਇਕ ਨੌਜਵਾਨ ਦੀ ਮਾਂ ਨੂੰ ਟਰੇਨ ''ਚ ਦਿੱਤੀ ਦਰਦਨਾਕ ਮੌਤ

11/11/2018 10:48:19 AM

ਜਲੰਧਰ/ਸ਼ਾਹਜਹਾਂਪੁਰ (ਯੂ. ਐੱਨ. ਆਈ.)— ਅੰਮ੍ਰਿਤਸਰ ਤੋਂ ਟਾਟਾ ਨਗਰ ਜਾ ਰਹੀ ਜਲਿਆਂਵਾਲਾ ਬਾਗ ਐਕਸਪ੍ਰੈੱਸ ਟਰੇਨ 'ਚ ਸਿਗਰੇਟ ਪੀਣ ਤੋਂ ਨਾਂਹ ਕਰਨ 'ਤੇ ਇਕ ਔਰਤ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਬਰੇਲੀ ਸਟੇਸ਼ਨ ਨੇੜੇ ਸਿਗਰੇਟ ਪੀਣ ਨੂੰ ਲੈ ਕੇ 3 ਨੌਜਵਾਨਾਂ ਦਾ 50 ਸਾਲਾ ਔਰਤ ਚਿੰਤਾ ਦੇਵੀ ਨਾਲ ਵਿਵਾਦ ਹੋ ਗਿਆ। ਔਰਤ ਦੇ ਪੁੱਤਰ ਨੇ ਵਿਰੋਧ ਕੀਤਾ ਤਾਂ ਨੌਜਵਾਨ ਹਮਲਾਵਰ ਹੋ ਗਏ। ਉਨ੍ਹਾਂ ਔਰਤ, ਉਸ ਦੇ ਬੇਟੇ ਅਤੇ ਨੂੰਹ ਨੂੰ ਬੁਰੀ ਤਰ੍ਹਾਂ ਕੁੱਟਿਆ। 3 'ਚੋਂ 2 ਨੌਜਵਾਨ ਚੇਨ ਖਿੱਚ ਕੇ ਫਰਾਰ ਹੋ ਗਏ, ਜਦਕਿ ਤੀਜੇ ਨੌਜਵਾਨ ਸੋਨੂੰ ਵਾਸੀ ਆਜ਼ਮਗੜ੍ਹ ਨੂੰ ਕਾਬੂ ਕਰ ਲਿਆ ਗਿਆ। ਟਰੇਨ ਦੇ ਸ਼ਾਹਜਹਾਂਪੁਰ ਪੁੱਜਣ 'ਤੇ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਪੁਲਸ ਨੇ ਦੱਸਿਆ ਕਿ ਬਿਹਾਰ ਦੇ ਡੇਹਰੀ ਆਨਸੋਨ ਜ਼ਿਲੇ ਦੇ ਪਿੰਡ ਮਖਰਿਨ ਦੀ ਰਹਿਣ ਵਾਲੀ ਚਿੰਤਾ ਦੇਵੀ ਦਾ ਪੁੱਤਰ ਰਾਹੁਲ ਜਲੰਧਰ 'ਚ ਨੌਕਰੀ ਕਰਦਾ ਹੈ। ਛਠ ਪੂਜਾ ਲਈ ਚਿੰਤਾ ਦੇਵੀ ਰਾਹੁਲ ਅਤੇ ਨੂੰਹ ਬਬੀਤਾ ਨਾਲ ਆਪਣੇ ਘਰ ਜਾ ਰਹੀ ਸੀ। ਤੜਕੇ 3.30 ਵਜੇ ਤਿੰਨ ਨੌਜਵਾਨਾਂ ਨੇ ਸਿਗਰੇਟ ਪੀਣੀ ਸ਼ੁਰੂ ਕੀਤੀ। ਚਿੰਤਾ ਦੇਵੀ ਨੇ ਆਪਣੀ ਬੀਮਾਰੀ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਸਿਗਰੇਟ ਨਾ ਪੀਣ ਲਈ ਕਿਹਾ। ਰਾਹੁਲ ਨੇ ਵੀ ਵਿਰੋਧ ਕੀਤਾ। ਤਿੰਨਾਂ ਨੌਜਵਾਨਾਂ ਨੇ ਮਾਂ, ਪੁੱਤਰ ਅਤੇ ਨੂੰਹ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਚਿੰਤਾ ਦੇਵੀ ਨੂੰ ਵਧੇਰੇ ਸੱਟਾਂ ਲੱਗੀਆਂ ਅਤੇ ਉਸ ਦੀ ਹਾਲਤ ਵਿਗੜ ਗਈ। ਕਾਬੂ ਨੌਜਵਾਨ ਸੋਨੂੰ ਵੀ ਜਲੰਧਰ ਵਿਖੇ ਹੀ ਨੌਕਰੀ ਕਰਦਾ ਹੈ। ਉਹ ਆਪਣੇ ਰਿਸ਼ਤੇ ਲਈ ਜੱਦੀ ਘਰ ਜਾ ਰਿਹਾ ਸੀ।


shivani attri

Content Editor

Related News