ਨਹਿਰ ’ਚੋਂ ਔਰਤ ਦੀ ਲਾਸ਼ ਬਰਾਮਦ
Thursday, Sep 25, 2025 - 03:39 PM (IST)

ਅਬੋਹਰ (ਸੁਨੀਲ ਭਾਰਦਵਾਜ) : ਅੱਜ ਸਵੇਰੇ ਨੇੜਲੇ ਪਿੰਡ ਗੁਮਜਾਲ ਦੇ ਟੇਲਾਂ ਤੋਂ ਇਕ ਔਰਤ ਦੀ ਲਾਸ਼ ਬਰਾਮਦ ਹੋਈ। ਲਾਸ਼ ਦੀ ਪਛਾਣ ਕ੍ਰਿਸ਼ਨਾ ਰਾਣੀ ਵਜੋਂ ਹੋਈ ਹੈ, ਜੋ ਕਿ ਧਰੰਗਵਾਲਾ ਪਿੰਡ ਦੀ ਰਹਿਣ ਵਾਲੀ ਹੈ। ਕੱਲਰਖੇੜਾ ਪੁਲਸ ਨੇ ਲਾਸ਼ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਦੀ ਮਦਦ ਨਾਲ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤੀ ਹੈ। ਜਾਣਕਾਰੀ ਅਨੁਸਾਰ ਨਰ ਸੇਵਾ ਨਾਰਾਇਣ ਸੇਵਾ ਦੇ ਵਾਲੰਟੀਅਰ ਬਿੱਟੂ ਨਰੂਲਾ ਨੂੰ ਸਵੇਰੇ 7 ਵਜੇ ਸੂਚਨਾ ਮਿਲੀ ਕਿ ਗੁਮਜਾਲ ਨੇੜੇ ਨਹਿਰ ’ਚ ਲਗਭਗ 35 ਤੋਂ 40 ਸਾਲ ਦੀ ਇਕ ਔਰਤ ਦੀ ਲਾਸ਼ ਫਸੀ ਹੋਈ ਹੈ। ਉਹ ਚਿਮਨ ਲਾਲ ਨਾਲ ਮੌਕੇ ’ਤੇ ਪਹੁੰਚੇ ਅਤੇ ਪੁਲਸ ਨੂੰ ਸੂਚਿਤ ਕੀਤਾ। ਨਰੂਲਾ ਨੇ ਦੱਸਿਆ ਕਿ ਔਰਤ ਨੇ ਟੌਪ ਅਤੇ ਕਮਰ ’ਤੇ ਬੈਲਟ ਪਾਈ ਹੋਈ ਸੀ।
ਜਿਵੇਂ ਹੀ ਸੋਸ਼ਲ ਮੀਡੀਆ ’ਤੇ ਲਾਸ਼ ਦੀ ਖ਼ਬਰ ਮਿਲੀ ਤਾਂ ਔਰਤ ਦੀ ਪਛਾਣ ਕ੍ਰਿਸ਼ਨਾ ਰਾਣੀ ਪਤਨੀ ਸ਼ੰਕਰ ਲਾਲ ਵਾਸੀ ਧਰੰਗਵਾਲਾ ਵਜੋਂ ਹੋਈ । ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਕ੍ਰਿਸ਼ਨਾ ਰਾਣੀ, ਜੋ ਕਿ ਲਗਭਗ 40 ਸਾਲ ਦੀ ਸੀ ਅਤੇ ਕੁੱਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਹ ਮਾਨਸਿਕ ਪਰੇਸ਼ਾਨੀ ਕਾਰਨ ਬੀਤੀ ਸਵੇਰੇ 11 ਵਜੇ ਦੇ ਕਰੀਬ ਆਪਣੇ ਘਰੋਂ ਅਚਾਨਕ ਗਾਇਬ ਹੋ ਗਈ। ਉਦੋਂ ਤੋਂ ਹੀ ਉਹ ਉਸ ਦੀ ਭਾਲ ਕਰ ਰਹੇ ਸਨ ਅਤੇ ਅੱਜ ਸਵੇਰੇ ਉਸ ਦੀ ਲਾਸ਼ ਨਹਿਰ ’ਚੋਂ ਮਿਲੀ। ਕਲੇਰਖੇੜਾ ਚੌਂਕੀ ਦੇ ਸਹਾਇਕ ਸਬ-ਇੰਸਪੈਕਟਰ ਭਗਵਾਨ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਹੈ।