ਮਹਿਲਾ ਕਾਂਸਟੇਬਲ ਵੱਲੋਂ ਥਾਣੇ ''ਚ ਖੁਦਕੁਸ਼ੀ ਕਰਨੀ ਸਰਕਾਰ ਤੇ ਪੁਲਸ ਵਿਭਾਗ ਦੇ ਮੱਥੇ ''ਤੇ ਕਲੰਕ! (ਤਸਵੀਰਾਂ)

06/17/2017 7:14:29 PM

ਨੱਥੂਵਾਲਾ ਗਰਬੀ(ਰਾਜਵੀਰ)— ਪਿਛਲੇ ਦਿਨੀਂ ਲੁਧਿਆਣਾ ਜ਼ਿਲੇ ਦੇ ਜੋਧਾਂ ਥਾਣੇ ''ਚ ਤਾਇਨਾਤ ਮਹਿਲਾ ਕਰਮਚਾਰੀ ਅਮਨਪ੍ਰੀਤ ਕੌਰ ਵੱਲੋਂ ਥਾਣੇ ''ਚ ਹੀ ਆਪਣੀ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ, ਜਿਸ ਨਾਲ ਹਰ ਪੰਜਾਬ ਵਾਸੀ ਦਾ ਹਿਰਦਾ ਵਲੂੰਧਰਿਆ ਗਿਆ। ਇਸ ਘਟਨਾ ਨਾਲ ਜਿੱਥੇ ਪੂਰੇ ਪੰਜਾਬ ''ਚ ਲੋਕਾਂ ਦੇ ਮਨਾਂ ''ਚ ਰੋਸ ਦੇਖਣ ਨੂੰ ਮਿਲਿਆ, ਉਥੇ ਹੀ ਪੰਜਾਬ ਪੁਲਸ ਦੀਆਂ ਮਹਿਲਾ ਕਰਮਚਾਰੀਆਂ ''ਚ ਰੋਸ ਦੇ ਨਾਲ-ਨਾਲ ਦਹਿਸ਼ਤ ਦਾ ਮਾਹੌਲ ਵੀ ਦੇਖਣ ਨੂੰ ਮਿਲਿਆ। ਇਸ ਸੰਬੰਧੀ ਪ੍ਰਤੀਨਿਧੀ ਰਾਜਵੀਰ ਭਲੂਰੀਏ ਵੱਲੋਂ ਵੱਖ-ਵੱਖ ਔਰਤਾਂ ਨਾਲ ਕੀਤੀ ਗੱਲਬਾਤ ''ਤੇ ਆਧਾਰਿਤ ਪੇਸ਼ ਹੈ ਰਿਪੋਰਟ।

ਕਿੱਤੇ ਵਜੋਂ ਅਧਿਆਪਕ ਕੰਵਲਪ੍ਰੀਤ ਕੌਰ ਸੰਧੂ ਦਾ ਕਹਿਣਾ ਹੈ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜ੍ਹੀ ਹੈ। ਇਸ ਘਟਨਾ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ। ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਉਕਤ ਮਹਿਲਾ ਕਾਂਸਟੇਬਲ ਨੂੰ ਨੌਕਰੀ ਵੀ ਤਰਸ ਦੇ ਆਧਾਰ ''ਤੇ ਹੀ ਮਿਲੀ ਹੋਈ ਸੀ। ਇਸ ਘਟਨਾ ਨਾਲ ਹਰ ਔਰਤ ਮੁਲਾਜ਼ਮ ਦਾ ਮਨੋਬਲ ਡਗਮਗਾ ਗਿਆ ਹੈ ਅਤੇ ਉਹ ਆਪਣੇ ਅੰਦਰ ਡਰ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਾਸਤੇ ਜ਼ਰੂਰੀ ਹੈ ਇਸ ਕੇਸ ਦੀ ਸੱਚਾਈ ਲੋਕਾਂ ਸਾਹਮਣੇ ਆਵੇ।

PunjabKesari

ਪ੍ਰਿੰਸੀਪਲ ਪਰਮਪਾਲ ਕੌਰ ਬੁੱਟਰ ਨੇ ਕਿਹਾ ਕਿ ਕਿਸੇ ਵੀ ਥਾਣੇ ਆਦਿ ''ਚ ਇਕੱਲੀ ਪੁਲਸ ਮੁਲਾਜ਼ਮ ਲੜਕੀ ਦੀ ਡਿਊਟੀ ਬੰਦ ਹੋਣੀ ਚਾਹੀਦੀ ਹੈ ਜੇਕਰ ਡਿਊਟੀ ਕਰਨੀ ਵੀ ਪਵੇ ਤਾਂ ਘੱਟੋ-ਘੱਟ ਦੋ ਜਾਂ ਇਸ ਤੋਂ ਵੱਧ ਮਹਿਲਾ ਮੁਲਾਜ਼ਮ ਹੋਣ ਅਤੇ ਉਨ੍ਹਾਂ ਦੇ ਡਿਊਟੀ ਵਾਸਤੇ ਕਮਰਾ ਵੀ ਵੱਖਰਾ ਹੋਵੇ ਤਾਂ ਜੋ ਕੋਈ ਵੀ ਇਕੱਲੀ ਲੜਕੀ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਨਾ ਕਰੇ। ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਲੜਕੀਆਂ ਮਰਦਾਂ ਦੇ ਮੁਕਾਬਲੇ ਕਿਸੇ ਵੀ ਗੱਲੋਂ ਘੱਟ ਨਹੀ ਹਨ ਪਰ ਅੱਜ ਵੀ ਮਰਦ ਪ੍ਰਧਾਨ ਸਮਾਜ ''ਚ ਲੜਕੀਆਂ ਨੂੰ ਗਲਤ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ, ਇਸ ਦੀ ਤਾਜ਼ਾ ਉਦਾਹਰਨ ਉਕਤ ਘਟਨਾ ਤੋਂ ਇਲਾਵਾ ਹੋਰ ਕੀ ਹੋ ਸਕਦੀ ਹੈ। ਇਸ ਘਟਨਾ ਦੀ ਉਹ ਸਖਤ ਸ਼ਬਦਾਂ ''ਚ ਨਿੰਦਾ ਕਰਦੇ ਹੋਏ ਅਮਨਪ੍ਰੀਤ ਕੌਰ ਲਈ ਇਨਸਾਫ ਦੀ ਮੰਗ ਕਰਦੇ ਹਨ।

PunjabKesari

ਲੁਧਿਆਣਾ ਦੀ ਜੰਮਪਲ ਮਨੁੱਖੀ ਅਧਿਕਾਰ ਕਮਿਸ਼ਨ ਸਵੀਡਨ ਦੀ ਪ੍ਰਧਾਨ ਡਾ. ਸੋਨੀਆ ਦਾ ਕਹਿਣਾ ਹੈ ਕਿ ਇਹ ਘਟਨਾ ਪੰਜਾਬ ਪੁਲਸ ਅਤੇ ਪੰਜਾਬ ਸਰਕਾਰ ਦੇ ਮੱਥੇ ''ਤੇ ਕਿਸੇ ਕਲੰਕ ਤੋਂ ਘੱਟ ਨਹੀਂ ਹੈ ਇਸ ਨੂੰ ਧੋਣ ਵਾਸਤੇ ਇਸ ਦੀ ਸੱਚਾਈ ਲੋਕਾਂ ਦੇ ਸਾਹਮਣੇ ਬਿਨਾਂ ਦੇਰੀ ਆਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਦੀ ਰਾਖੀ ਵਾਸਤੇ ਵਚਨਬੱਧ ਪੰਜਾਬ ਪੁਲਸ ਦੀਆਂ ਮਹਿਲਾ ਮੁਲਾਜ਼ਮਾਂ ਹੀ ਸੁਰੱਖਿਅਤ ਨਹੀਂ ਹਨ ਤਾਂ ਪੰਜਾਬ ਦੀਆਂ ਬਾਕੀ ਲੜਕੀਆਂ ਦੀ ਸੁਰੱਖਿਆ ਕੌਣ ਕਰੇਗਾ।

PunjabKesari

ਉੱਘੀ ਸਾਹਿਤਕਾਰ ਐੱਨ. ਆਰ. ਆਈ. ਜੱਗੀ ਬਰਾੜ ਸਮਾਲਸਰ ਨੇ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਪੰਜਾਬ ''ਚ ਮਹਿਲਾ ਪੁਲਸ ਕਰਮਚਾਰੀ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੜਕੀਆਂ ਦਾ ਕੀ ਹੋਵੇਗਾ? ਉਨ੍ਹਾਂ ਕਿਹਾ ਕਿ ਕਿਸੇ ਲੜਕੀ ਨੂੰ ਮਰਨ ਵਾਸਤੇ ਮਜਬੂਰ ਕਰਨਾ ਕਿਸੇ ਗੁੰਡਾਗਰਦੀ ਤੋਂ ਘੱਟ ਨਹੀਂ ਹੈ। ਇਸ ਘਟਨਾ ਨਾਲ ਪੰਜਾਬ ਦਾ ਨਾਮ ਪੂਰੀ ਦੁਨੀਆ ''ਚ ਬਦਨਾਮ ਹੋਇਆ ਹੈ। ਇਕ ਸੁਰੱਖਿਆ ਕਰਮਚਾਰੀ ਵੱਲੋਂ ਖੁਦਕੁਸ਼ੀ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ ਉਹ ਵੀ ਡਿਊਟੀ ਸਮੇਂ।

PunjabKesari

ਇਸ ਸੰਬੰਧੀ ਗੱਲ ਕਰਦੇ ਹੋਏ ਕਵਿਤਰੀ ਆਨੰਤ ਗਿੱਲ ਨੇ ਕਿਹਾ ਕਿ ਭਾਵੇਂ ਪੁਲਸ ਨੇ ਖੁਦਕੁਸ਼ੀ ਵਾਸਤੇ ਮਜਬੂਰ ਕਰਨ ਦਾ ਕੇਸ ਦਰਜ ਕਰ ਕੇ ਸੰਬੰਧਤ ਮੁਨਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਪਰ ਇਹ ਕੇਸ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਲੱਗ ਰਿਹਾ ਕਿਉਂਕਿ ਜੋ ਤਸਵੀਰਾਂ ਸੋਸ਼ਲ ਮੀਡੀਆ ''ਤੇ ਆਈਆਂ ਹਨ, ਉੇਨ੍ਹਾਂ ਨੂੰ ਦੇਖਣ ਤੋਂ ਲੱਗਦਾ ਹੈ ਕਿ ਇਸ ਘਟਨਾ ਨੂੰ ਖੁਦਕੁਸ਼ੀ ਨਾਲ ਜੋੜਿਆ ਗਿਆ ਹੈ ਪਰ ਸਚਾਈ ਕੁਝ ਹੋਰ ਲੱਗਦੀ ਹੈ, ਇਸ ਲਈ ਇਹ ਜ਼ਰੂਰੀ ਹੈ ਕਿ ਇਸ ਦੀ ਸੱਚਾਈ ਸਾਹਮਣੇ ਆਵੇ ਤਾਂ ਜੋ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਮਿਲ ਸਕਣ।

PunjabKesari

ਸਟੇਟ ਐਵਾਰਡੀ ਅਧਿਆਪਕਾ ਅਤੇ ਅੰਗਰੇਜ਼ੀ ਵਿਸ਼ੇ ਦੀ ਲੈਕਚਰਾਰ ਮੈਡਮ ਅਮਰਜੋਤੀ ਮਾਂਗਟ ਦਾ ਕਹਿਣਾ ਹੈ ਕਿ ਅਮਨਪ੍ਰੀਤ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ''ਚ ਉਹ ਸਾਰੇ ਅਫਸਰ ਵੀ ਸ਼ਾਮਲ ਕੀਤੇ ਜਾਣੇ ਚਾਹੀਦੇ ਹਨ ਜਿਨ੍ਹਾਂ ਨੇ ਅਮਨਪ੍ਰੀਤ ਦੀ ਉਹ ਅਰਜ਼ੀ (ਜਿਸ ''ਚ ਉਸ ਨੇ ਥਾਣੇ ਦੇ ਮੁਨਸ਼ੀ ਵੱਲੋਂ ਤੰਗ ਪਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ ਸੀ) ''ਤੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ ਮਰਨ ਵਾਸਤੇ ਮਜਬੂਰ ਹੋਣਾ ਪਿਆ। ਕਿਸੇ ਵੀ ਕਿਸਮ ਦੇ ਸਿਆਸੀ ਦਬਾਅ ਨੂੰ ਪਾਸੇ ਰੱਖ ਕੇ ਮ੍ਰਿਤਕਾ ਦੇ ਪੀੜਤ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ।

PunjabKesari


 

 

 


Related News