ਪੰਜਾਬ ''ਚ ਮੌਸਮ ਵਿਭਾਗ ਵੱਲੋਂ ''ਲੂ'' ਦਾ ਅਲਰਟ ਜਾਰੀ, ਤਾਪਮਾਨ ''ਚ ਹੋਵੇਗਾ ਹੋਰ ਵਾਧਾ, ਜਾਣੋ ਅਗਲੇ ਦਿਨਾਂ ਦੀ ਅਪਡੇਟ

Saturday, May 18, 2024 - 06:54 PM (IST)

ਪੰਜਾਬ ''ਚ ਮੌਸਮ ਵਿਭਾਗ ਵੱਲੋਂ ''ਲੂ'' ਦਾ ਅਲਰਟ ਜਾਰੀ, ਤਾਪਮਾਨ ''ਚ ਹੋਵੇਗਾ ਹੋਰ ਵਾਧਾ, ਜਾਣੋ ਅਗਲੇ ਦਿਨਾਂ ਦੀ ਅਪਡੇਟ

ਸੁਲਤਾਨਪੁਰ ਲੋਧੀ (ਧੀਰ)-ਲੋਕ ਸਭਾ ਚੋਣਾਂ ਨੂੰ ਲੈ ਕੇ ਜਿਵੇਂ-ਜਿਵੇਂ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ, ਉੱਥੇ ਜੇਠ ਮਹੀਨੇ ’ਚ ਹੀ ਤੇਜ਼ ਗਰਮੀ ਅਤੇ ਲੂ ਦੇ ਸੇਕੇ ਨੇ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਦਿਨ ਦਾ ਤਾਪਮਾਨ 43 ਡਿਗਰੀ ਤੱਕ ਪਹੁੰਚ ਗਿਆ, ਜਿਸ ਨੇ ਲੋਕਾਂ ਨੂੰ ਝੁਲਸਾ ਦਿੱਤਾ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਗਰਮੀ ’ਚ ਭਾਰੀ ਇਜ਼ਾਫ਼ਾ ਵੇਖਣ ਨੂੰ ਮਿਲਿਆ ਹੈ। ਕੜਕਦੀ ਧੁੱਪ ਨਾਲ ਚੱਲਣ ਵਾਲੇ ਲੂ ਦੇ ਗਰਮ ਥਪੇੜਿਆਂ ਨੇ ਜਿੱਥੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਹੈ, ਉੱਥੇ ਧਨਾਢ ਪਰਿਵਾਰਾਂ ਨੇ ਗਰਮੀ ਦੇ ਮੱਦੇਨਜ਼ਰ ਠੰਢੇ ਪਹਾੜੀ ਇਲਾਕਿਆਂ ਵੱਲ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਦਿਨ ਵੇਲੇ 42 ਤੋ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ। ਜਿਹੜਾ ਕਿ ਪਿਛਲੀਆਂ ਗਰਮੀਆਂ ਦੇ ਮੁਕਾਬਲੇ ਥੋੜਾ ਜ਼ਿਆਦਾ ਦੱਸਿਆ ਜਾਂਦਾ ਹੈ। ਗਰਮੀ ਦਾ ਕਹਿਰ ਦਿਨੋਂ-ਦਿਨ ਵੱਧਣ ਕਾਰਨ ਬਹੁਤੇ ਲੋਕਾਂ ਵੱਲੋਂ ਹੁਣ ਦੁਪਹਿਰ ਸਮੇਂ ਘਰੋਂ ਬਾਹਰ ਨਿਕਲਣ ਤੋਂ ਪਰਹੇਜ ਕਰਨ ਕਾਰਨ ਬਾਜ਼ਾਰ ਸੁੰਨੇ ਦਿਖਾਈ ਦੇਣ ਲੱਗੇ ਹਨ, ਜਿਸ ਕਾਰਨ ਕਈ ਲੋਕਾਂ ਦੇ ਕੰਮਕਾਰ ’ਤੇ ਵੀ ਗਰਮੀ ਦਾ ਮਾੜਾ ਅਸਰ ਹੋਣ ਲੱਗਿਆ ਹੈ।

ਜੇਕਰ ਆਉਣ ਵਾਲੇ ਦਿਨਾਂ ’ਚ ਤੱਤੀ ਲੂ ਇਸ ਤਰ੍ਹਾਂ ਹੀ ਚੱਲਦੀਆਂ ਰਹੀਆਂ ਤਾਂ ਇਸ ਨਾਲ ਨਰਮੇ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਤੇਜ਼ ਗਰਮੀ ਨੂੰ ਵੇਖ ਕੇ ਲੋਕ ਪਹਿਲਾਂ ਹੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਮਈ ਮਹੀਨੇ ’ਚ ਹੀ ਅਜਿਹੀ ਭਿਆਨਕ ਸਥਿਤੀ ਪੈਦਾ ਹੋ ਗਈ ਹੈ ਤਾਂ ਜੂਨ-ਜੁਲਾਈ ਜਦੋਂ ਗਰਮੀਆਂ ਦਾ ਮੌਸਮ ਆਪਣੇ ਸਿਖਰ ’ਤੇ ਹੋਵੇਗਾ ਉਸ ਸਥਿਤੀ ’ਚ ਕੀ ਹਾਲ ਹੋਵੇਗਾ।

ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਹੁਣ ਸ਼ਿਕਾਇਤ ਦਰਜ ਕਰਵਾਉਣ ਲਈ ਥਾਣਿਆਂ 'ਚ ਜਾਣ ਦੀ ਲੋੜ ਨਹੀਂ

ਆਉਣ ਵਾਲੇ ਦਿਨਾਂ ’ਚ ਗਰਮੀ ਕੱਢੇਗੀ ਵੱਟ, 'ਲੂ' ਦਾ ਅਲਰਟ ਜਾਰੀ
ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਲੂ ਚੱਲ ਸਕਦੀ ਹੈ। ਪੰਜਾਬ ’ਚ ਲੋਕਾਂ ਨੂੰ ਭਿਆਨਕ ਗਰਮੀ ਸਹਿਣੀ ਪਵੇਗੀ। ਮੌਸਮ ਵਿਭਾਗ ਚੰਡੀਗੜ੍ਹ ਨੇ ਪੰਜਾਬ ਵਿਚ ਲੂ ਚੱਲਣ ਸੰਬੰਧੀ ਆਰੈਂਜ ਅਲਰਟ ਜਾਰੀ ਕਰ ਦਿੱਤਾ ਹੈ। ਇਸ ਦੌਰਾਨ ਤਾਪਮਾਨ ਕਈ ਜ਼ਿਲ੍ਹਿਆਂ ’ਚ 44 ਅਤੇ ਕਈ ਜ਼ਿਲ੍ਹਿਆਂ ’ਚ 45 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। ਮੌਸਮ ਵਿਭਾਗ ਨੇ ਲੂ ਤੋਂ ਬਚਾਅ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਵੀ ਦਿਤੀ ਹੈ। ਮੌਸਮ ਵਿਭਾਗ ਨੇ ਅੱਜ ਤੋਂ 2 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। 18 ਮਈ ਨੂੰ ਤਾਪਮਾਨ 44 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਕਾਰਨ ਦਿਨ ਵੇਲੇ ਗਰਮੀ ਬਹੁਤ ਵਧ ਜਾਵੇਗੀ। ਇਸ ਦੇ ਲਈ ਮੌਸਮ ਵਿਭਾਗ ਵੱਲੋਂ ਐਡਵਾਈਜਰੀ ਵੀ ਜਾਰੀ ਕੀਤੀ ਗਈ ਹੈ।

ਨਕਲੀ ਤੇ ਮਿਲਾਵਟੀ ਠੰਢੀਆਂ ਵਸਤਾਂ ਵੇਚਣ ਵਾਲੇ ਹੋਏ ਸਰਗਰਮ
ਉੱਧਰ, ਗਰਮੀ ਵੱਧਣ ਦੇ ਨਾਲ ਹੀ ਜਿੱਥੇ ਬਾਜ਼ਾਰਾਂ ’ਚ ਲੋਕਾਂ ਨੂੰ ਠੰਢੀਆਂ ਵਸਤਾਂ ਦੇ ਨਾਂ ’ਤੇ ਨਕਲੀ ਅਤੇ ਘਟੀਆ ਕਿਸਮ ਦਾ ਖਾਣ-ਪੀਣ ਵਾਲਾ ਸਾਮਾਨ ਬਣਾਉਣ ਵਾਲੇ ਵੀ ਤੱਤਪਰ ਦਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਬਾਜ਼ਾਰਾਂ ’ਚ ਬਿਨਾਂ ਕਿਸੇ ਸੁਰੱਖਿਆ ਦੇ ਲੋਕਾਂ ਨੂੰ ਮਿਲਾਵਟੀ ਤੇ ਨਕਲੀ ਪਦਾਰਥ ਧੜਾਧੜ ਪਰੋਸੇ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦੀ ਸਿਹਤ ਨਾਲ ਸਿੱਧਾ ਖਿਲਵਾੜ ਹੋਵੇਗਾ। ਕੁਝ ਹੀ ਦਿਨਾਂ ’ਚ ਪਈ ਇਸ ਅੱਤ ਦੀ ਗਰਮੀ ਨੇ ਜਿੱਥੇ ਆਮ ਲੋਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਉੱਥੇ ਨਾਲ ਹੀ ਗਰਮੀ ਕਾਰਨ ਏਅਰ ਕੰਡੀਸ਼ਨਰਾਂ, ਕੂਲਰਾਂ ਤੇ ਪੱਖਿਆਂ ਦੀ ਵਿਕਰੀ ’ਚ ਵੀ ਇਕਦਮ ਭਾਰੀ ਵਾਧਾ ਹੋਇਆ ਹੈ, ਜਿਸ ਕਾਰਨ ਇਲੈਕਟ੍ਰੋਨਿਕ ਦਾ ਉਕਤ ਸਾਮਾਨ ਵੇਚਣ ਵਾਲੇ ਦੁਕਾਨਦਾਰਾਂ ਦੇ ਚਿਹਰਿਆਂ ’ਤੇ ਕੁਝ ਰੋਣਕ ਆਈ ਹੈ।

ਲੋਕ ਕੂਲਰਾਂ ਦੀ ਬਜਾਏ ਸਿੱਧਾ ਏ. ਸੀ. ਲਾਉਣ ਨੂੰ ਦੇਣ ਲੱਗੇ ਤਰਜੀਹ
ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮੌਕੇ ਏ. ਸੀ. ਦੀ ਵਰਤੋਂ ਜ਼ਿਆਦਾ ਹੋਣ ਲੱਗ ਪਈ ਹੈ, ਕਿਉਂਕਿ ਕੂਲਰ ਵੀ 10 ਤੋਂ 20 ਹਜ਼ਾਰ ਰੁਪਏ ਔਸਤਨ ਰੇਟ ’ਤੇ ਆਉਂਦੇ ਹਨ ਅਤੇ ਲੋਕ ਕੂਲਰ ਲੈਣ ਦੀ ਬਜਾਏ ਹੁਣ ਏ. ਸੀ. ਲਗਾਉਣ ਨੂੰ ਹੀ ਤਰਜੀਹ ਦੇਣ ਲੱਗ ਪਏ ਹਨ। ਇਸ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਬਹੁਤ ਸਾਰੀਆਂ ਕੰਪਨੀਆਂ ਵੱਲ ਬਹੁਤ ਘੱਟ ਵਿਆਜ਼ ’ਤੇ ਹੀ ਵੱਖ-ਵੱਖ ਚੀਜ਼ਾਂ ਕਿਸ਼ਤਾਂ ’ਤੇ ਦਿੱਤੀਆਂ ਜਾ ਰਹੀਆਂ ਹਨ ਤੇ ਤਿੰਨ ਤੋਂ ਚਾਰ ਹਜ਼ਾਰ ਰੁਪਏ ਦੀ ਕਿਸ਼ਤ ’ਚ ਕੋਈ ਵੀ ਮਹਿੰਗੀ ਤੋਂ ਮਹਿੰਗੀ ਚੀਜ਼ ਆਸਾਨੀ ਨਾਲ ਖਰੀਦੀ ਜਾ ਸਕਦੀ ਹੈ। ਜਿਸ ਕਾਰਨ ਹੁਣ ਲੋਕ ਕੂਲਰਾਂ ਦੀ ਬਜਾਏ ਸਿੱਧਾ ਏ. ਸੀ. ਲਗਾਉਣ ਨੂੰ ਤਰਜੀਹ ਦਿੰਦੇ ਹਨ। ਇਸੇ ਤਰ੍ਹਾਂ ਹੁਣ ਚਾਹ ਵਾਲੀਆਂ ਦੁਕਾਨਾਂ ’ਤੇ ਰੌਣਕ ਘੱਟ ਵਿਖਾਈ ਦੇ ਰਹੀ ਹੈ ਅਤੇ ਬਾਜ਼ਾਰ ’ਚ ਆਈਸਕ੍ਰੀਮ, ਜੂਸ, ਕੋਲਡ ਡ੍ਰਿੰਕ ਤੇ ਹੋਰ ਮੌਸਮੀ ਫਲਾਂ ਵਾਲੀਆਂ ਰੇਹੜੀਆਂ ਤੇ ਦੁਕਾਨਾਂ ’ਤੇ ਰੋਣਕਾਂ ਜ਼ਿਆਦਾ ਦਿਖਾਈ ਦਿੰਦੀਆਂ ਹਨ। ਨਿੰਬੂ ਪਾਣੀ ਤੇ ਗੰਨੇ ਦੇ ਰਸ ਵਾਲੀਆਂ ਦੁਕਾਨਾਂ ’ਤੇ ਵੀ ਆਮ ਨਾਲੋਂ ਜ਼ਿਆਦਾ ਭੀੜ ਦਿਖਾਈ ਦਿੰਦੀ ਹੈ।

ਇਹ ਵੀ ਪੜ੍ਹੋ- ਸੂਬੇ 'ਚ ਵਧਾਈ ਗਈ ਸੁਰੱਖਿਆ, ਸਪੈਸ਼ਲ DGP ਅਰਪਿਤ ਸ਼ੁਕਲਾ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਦਿਸ਼ਾ-ਨਿਰਦੇਸ਼

ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ’ਚ ਜ਼ਿਆਦਾ ਮਹਿਸੂਸ ਹੁੰਦੀ ਗਰਮੀ
ਏ. ਸੀ. ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਹੁਣ ਰੋਜ਼ਾਨਾ ਏ. ਸੀ. ਦੀ ਵਿਕਰੀ ਪਹਿਲਾਂ ਦੇ ਮੁਕਾਬਲੇ 2 ਤੋਂ 3 ਗੁਣਾ ਵਧੀ ਹੈ। ਉੱਧਰ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਬਾਰਿਸ਼ ਤੋਂ ਬਾਅਦ ਮੌਸਮ ਖੁਸ਼ਕ ਹੋਣ ਦੇ ਨਾਲ-ਨਾਲ ਗਰਮ ਵੀ ਹੋ ਸਕਦਾ ਹੈ। ਮਾਹਿਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਭਵਿੱਖ ’ਚ ਮਨੁੱਖਤਾ ਲਈ ਘਾਤਕ ਸਿੱਧ ਹੋਵੇਗੀ। ਇਸ ਕਾਰਨ ਲੋਕਾਂ ਨੂੰ ਹੁਣ ਤੋਂ ਹੀ ਵੱਧ ਤੋਂ ਵੱਧ ਬੂਟੇ ਲਾਉਣੇ ਪੈਣਗੇ, ਨਹੀਂ ਤਾਂ ਆਉਣ ਵਾਲ ਕੁਝ ਸਾਲਾਂ ’ਚ ਸਥਿਤੀ ਕਾਫ਼ੀ ਤਰਸਯੋਗ ਹੋ ਜਾਵੇਗੀ।
ਸ਼ਹਿਰ ’ਚ ਪ੍ਰਦੂਸ਼ਣ ਦਾ ਪੱਧਰ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ, ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਪਿੰਡਾਂ ਦੇ ਮੁਕਾਬਲੇ ਸ਼ਹਿਰਾਂ ’ਚ ਗਰਮੀ ਜਿਆਦਾ ਮਹਿਸੂਸ ਕੀਤੀ ਜਾ ਰਹੀ ਹੈ, ਇਸ ਦਾ ਕਾਰਨ ਇਹ ਹੈ ਕਿ ਸ਼ਹਿਰ ਦਾ ਬਹੁਤਾ ਹਿੱਸਾ ਸੀਮੈਂਟ ਜਾਂ ਕੰਕਰੀਟ ਨਾਲ ਢੱਕਿਆ ਹੋਇਆ ਹੈ, ਜਿਸ ਕਾਰਨ ਸੜਕਾਂ ਅਤੇ ਗਲੀਆਂ ’ਚ ਕੰਕਰੀਟ ਦੀ ਗਰਮੀ ਹੋਰ ਵਧ ਜਾਂਦੀ ਹੈ।

 

ਲੂ ਤੋਂ ਬਚਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ : ਐੱਸ. ਐੱਮ. ਓ.
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾ. ਰਵਿੰਦਰ ਪਾਲ ਸ਼ੁਭ ਨੇ ਲੂ ਤੋਂ ਬਚਣ ਲਈ ਦੱਸਿਆ ਕਿ ਜੇਕਰ ਹੋ ਸਕੇ ਤਾਂ ਬਾਹਰੀ ਕੰਮ ਸਵੇਰੇ ਸ਼ਾਮ ਹੀ ਕਰਨੇ ਚਾਹੀਦੇ ਹਨ। ਖਾਸਕਰ ਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ’ਚ ਨਾ ਨਿਕਲੋ, ਜੇਕਰ ਜਾਣਾ ਜ਼ਿਆਦਾ ਜ਼ਰੂਰੀ ਹੈ ਤਾਂ ਆਪਣੇ ਨਾਲ ਪਾਣੀ ਲੈ ਕੇ ਜਾਣਾ ਚਾਹੀਦਾ ਹੈ ਤੇ ਕੁਝ ਸਮੇਂ ਬਾਅਦ ਪਾਣੀ ਜ਼ਰੂਰ ਪੀਓ। ਉਨ੍ਹਾਂ ਦੱਸਿਆ ਕਿ ਸਰੀਰ ਦਾ ਤਾਪਮਾਨ ਵੱਧਣਾ, ਤੇਜ਼ ਸਿਰ ਦਰਦ, ਬੇਚੈਨੀ, ਚੱਕਰ ਆਉਣਾ, ਮਾਂਸਪੇਸ਼ੀਆਂ ਦੀ ਕਮਜ਼ੋਰੀ, ਤੇਜ਼ ਧੜਕਣ, ਜੀ ਕੱਚਾ ਹੋਣਾ, ਉਲਟੀਆਂ ਆਉਣਾ ਤੇ ਲੂ ਲੱਗਣ ਦੇ ਲੱਛਣ ਹਨ। ਅਜਿਹੇ ਲੱਛਣ ਪਾਏ ਜਾਣ ’ਤੇ ਪ੍ਰਭਾਵਿਤ ਵਿਅਕਤੀ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ’ਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ।

ਇੰਝ ਕਰੋ ਬਚਾਅ
ਖ਼ੂਬ ਪਾਣੀ ਪੀਓ
ਅਲਕੋਹਲ ਤੇ ਕੈਫੀਨ ਵਾਲੇ ਪਦਾਰਥ ਪੀਣ ਤੋਂ ਬਚੋ।
ਬਾਹਰ ਜਾਣ ਵੇਲੇ ਹਲਕੇ ਰੰਗ ਦੇ ਕੱਪੜੇ ਪਾਓ। ਸਿਰ ’ਤੇ ਟੋਪੀ ਜਾਂ ਛੱਤਰੀ ਲੈ ਕੇ ਜਾਓ।
ਕੋਈ ਪਰੇਸ਼ਾਨੀ ਆਵੇ ਤਾਂ ਡਾਕਟਰ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ- ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਹਾਦਸਾ, ਭਰਾ ਦੀਆਂ ਅੱਖਾਂ ਸਾਹਮਣੇ ਹੋਈ ਭੈਣ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News