ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ ''ਚ ਵੀ ਤਾਂਤਰਿਕ ਪਿੱਛੇ ਲੱਗ ਜਾਦੂ-ਟੂਣੇ ਕਰਨ ਲੱਗੀ ਔਰਤ, ਸਾਹ ਉੱਪਰ ਦੇ ਉੱਪਰ ਹੀ ਰਹਿ ਗਏ ਜਦੋਂ...

Tuesday, Sep 12, 2017 - 10:11 AM (IST)

ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ ''ਚ ਵੀ ਤਾਂਤਰਿਕ ਪਿੱਛੇ ਲੱਗ ਜਾਦੂ-ਟੂਣੇ ਕਰਨ ਲੱਗੀ ਔਰਤ, ਸਾਹ ਉੱਪਰ ਦੇ ਉੱਪਰ ਹੀ ਰਹਿ ਗਏ ਜਦੋਂ...

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ 'ਚ ਵੀ ਅੰਧ ਵਿਸ਼ਵਾਸੀ ਲੋਕਾਂ ਦੀ ਕੋਈ ਘਾਟ ਨਹੀਂ ਹੈ। ਖਾਸ ਕਰਕੇ ਅਜਿਹੀ ਸੋਚ ਰੱਖਣ ਵਾਲੀਆਂ ਔਰਤਾਂ ਨੂੰ ਤਾਂ ਤਾਂਤਰਿਕ ਝੱਟ ਮਗਰ ਲਾ ਲੈਂਦੇ ਹਨ। ਇਕ ਅਜਿਹਾ ਹੀ ਮਾਮਲਾ ਸੈਕਟਰ-22 'ਚ ਸਾਹਮਣੇ ਆਇਆ ਹੈ, ਜਿੱਥੇ ਆਪਣੇ ਲਾਪਤਾ ਪਤੀ ਨੂੰ ਲੱਭਣ ਲਈ ਤਾਂਤਰਿਕ ਪਿੱਛੇ ਲੱਗ ਕੇ ਔਰਤ ਜਾਦੂ-ਟੂਣੇ ਕਰਨ ਲੱਗੀ ਪਰ ਜਦੋਂ ਬਾਬੇ ਦੀ ਅਸਲੀ ਕਰਤੂਤ ਉਸ ਦੇ ਸਾਹਮਣੇ ਆਈ ਤਾਂ ਉਸ ਦੇ ਉੱਪਰ ਦੇ ਸਾਹ ਉੱਪਰ ਹੀ ਰਹਿ ਗਏ ਪਰ ਉਸ ਨੇ ਹਿੰਮਤ ਦਿਖਾਉਂਦੇ ਹੋਏ ਪੁਲਸ ਨੂੰ ਫੋਨ ਕੀਤਾ ਅਤੇ ਬਾਬੇ ਨੂੰ ਗ੍ਰਿਫਤਾਰ ਕਰਵਾ ਦਿੱਤਾ। 
ਜਾਣਕਾਰੀ ਮੁਤਾਬਕ ਸ਼ਿਕਾਇਤਕਰਤਾ ਔਰਤ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਉਸ ਦਾ ਪਤੀ ਕੁਝ ਮਹੀਨੇ ਪਹਿਲਾਂ ਰਾਜਸਥਾਨ ਗਿਆ ਤੇ ਬਾਅਦ ਵਿਚ ਲਾਪਤਾ ਹੋ ਗਿਆ ਸੀ। ਉਹ ਇਕ ਤਾਂਤਰਿਕ ਬਾਬੇ ਦਾ ਇਸ਼ਤਿਹਾਰ ਪੜ੍ਹ ਕੇ ਆਪਣੇ ਪਤੀ ਦਾ ਪਤਾ ਕਰਨ ਸੈਕਟਰ-22 ਪੁੱਜੀ, ਜਿੱਥੇ ਬਾਬੇ ਨੇ ਆਪਣਾ ਕੈਬਿਨ ਖੋਲ੍ਹ ਰੱਖਿਆ ਸੀ। ਬਾਬੇ ਨੇ ਔਰਤ ਨਾਲ ਕੈਬਿਨ 'ਚ ਛੇੜਛਾੜ ਦੀ ਕੋਸ਼ਿਸ਼ ਕੀਤੀ। ਰੋਕਣ 'ਤੇ ਉਸਨੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਬਚ ਕੇ ਨਿਕਲ ਆਈ। ਔਰਤ ਨੇ ਬਾਬੇ ਦੀ ਚੁੰਗਲ 'ਚੋਂ ਛੁੱਟ ਕੇ ਪੁਲਸ ਨੂੰ ਸੂਚਨਾ ਦਿੱਤੀ। ਪੀ. ਸੀ. ਆਰ. ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕੀਤਾ ਤੇ ਸੈਕਟਰ-22 ਪੁਲਸ ਚੌਕੀ ਲੈ ਗਈ। ਸੈਕਟਰ-22 ਚੌਕੀ ਪੁਲਸ ਨੇ ਮਹਿਲਾ ਦੀ ਸ਼ਿਕਾਇਤ 'ਤੇ ਮੁਲਜ਼ਮ ਬਾਬੇ ਖਿਲਾਫ ਠੱਗੀ ਤੇ ਛੇੜਛਾੜ ਦਾ ਕੇਸ ਦਰਜ ਕਰ ਲਿਆ ਹੈ।
 


Related News