ਸੰਘਣੀ ਧੁੰਦ ਕਾਰਨ ਮੁੰਬਈ-ਚੰਡੀਗੜ੍ਹ ਉਡਾਣ 4 ਘੰਟੇ ਵੱਧ ਹਵਾ ’ਚ ਰਹੀ, ਫਿਰ ਮੁੰਬਈ ਕੀਤੀ ਡਾਇਵਰਟ
Wednesday, Jan 14, 2026 - 11:43 AM (IST)
ਚੰਡੀਗੜ੍ਹ (ਲਲਨ) : ਮੁੰਬਈ ਤੋਂ ਚੰਡੀਗੜ੍ਹ ਆਉਣ ਵਾਲੀ ਇੰਡੀਗੋ ਦੀ ਉਡਾਣ 4 ਘੰਟੇ 48 ਮਿੰਟ ਹਵਾ ’ਚ ਘੁੰਮਣ ਤੋਂ ਬਾਅਦ ਡਾਇਵਰਟ ਹੋ ਕੇ ਦੁਬਾਰਾ ਮੁੰਬਈ ਉਤਰੀ। ਇਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯਾਤਰੀਆਂ ਨੂੰ ਬਾਅਦ ’ਚ ਏਅਰਲਾਈਨਜ਼ ਵੱਲੋਂ ਵੱਖ-ਵੱਖ ਉਡਾਣਾਂ ਤੋਂ ਦਿੱਲੀ ਭੇਜਿਆ ਗਿਆ। ਇਸ ਤੋਂ ਬਾਅਦ ਯਾਤਰੀ ਕਿਰਾਏ ਨਾਲ ਚੰਡੀਗੜ੍ਹ ਪਹੁੰਚੇ। ਇਸ ਦਾ ਮੁੱਖ ਕਾਰਨ ਧੁੰਦ ਹੈ, ਕਿਉਂਕਿ ਸੋਮਵਾਰ ਰਾਤ ਨੂੰ ਧੁੰਦ ਜ਼ਿਆਦਾ ਹੋਣ ਨਾਲ ਏਅਰਪੋਰਟ ’ਤੇ ਦਿਸਣ ਹੱਦ ਘੱਟ ਹੋਣ ਕਾਰਨ ਉਡਾਣਾਂ ਦੀ ਲੈਂਡਿੰਗ ਬੰਦ ਕਰਨੀ ਪਈ।
ਮੁੰਬਈ ਤੋਂ ਇੰਡੀਗੋ ਦੀ ਉਡਾਣ ਨੰ.6ਈ6715 ਰੋਜ਼ਾਨਾ ਰਾਤ 8.20 ਵਜੇ ਉਡਾਣ ਭਰਦੀ ਹੈ। ਸੋਮਵਾਰ ਨੂੰ ਉਡਾਣ ਨੇ ਮੁੰਬਈ ਤੋਂ ਰਾਤ 9.39 ਵਜੇ ਉਡਾਣ ਭਰੀ ਅਤੇ ਤੈਅ ਸਮੇਂ ਮੁਤਾਬਕ ਰਾਤ 10.25 ਵਜੇ ਚੰਡੀਗੜ੍ਹ ਲੈਂਡ ਕਰਨਾ ਸੀ। ਇਹ ਉਡਾਣ ਚੰਡੀਗੜ੍ਹ ਪਹੁੰਚੀ ਤਾਂ ਦਿਸਣ ਹੱਦ ਘੱਟ ਹੋਣ ਕਾਰਨ ਮੁੰਬਈ ਵਾਪਸ ਭੇਜਣਾ ਪਿਆ ਅਤੇ ਰਾਤ 2.19 ਵਜੇ ਲੈਂਡ ਹੋਈ। ਇਸ ਕਾਰਨ ਯਾਤਰੀਆਂ ਨੂੰ 4 ਘੰਟੇ 48 ਮਿੰਟ ਹਵਾ ਵਿਚ ਰਹਿਣਾ ਪਿਆ। ਮੰਗਲਵਾਰ ਨੂੰ ਜ਼ਿਆਦਾ ਧੁੰਦ ਕਾਰਨ ਉਡਾਣਾਂ ਦਾ ਸੰਚਾਲਨ ਬਹੁਤ ਪ੍ਰਭਾਵਿਤ ਹੋਇਆ ਤੇ ਕੁੱਲ 7 ਉਡਾਣਾਂ ਰੱਦ ਹੋਈਆਂ ਤੇ ਕਈ ਨੇ ਦੇਰੀ ਨਾਲ ਉਡਾਣ ਭਰੀ। ਜਾਣਕਾਰੀ ਅਨੁਸਾਰ ਏਅਰਪੋਰਟ ’ਤੇ ਸਵੇਰ ਸਮੇਂ ਦਿਸਣ ਹੱਦ 600 ਮੀਟਰ ਦੇ ਆਸ-ਪਾਸ ਰਹੀ।
