ਪੰਜਾਬ 'ਚ ਫਾਇਰਮੈਨਾਂ ਦੀ ਭਰਤੀ ਬਾਰੇ ਹੈਰਾਨ ਕਰਦੀ ਗੱਲ ਆਈ ਸਾਹਮਣੇ, ਕੋਈ ਵੀ ਔਰਤ...
Friday, Jan 16, 2026 - 04:11 PM (IST)
ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ ਗੰਭੀਰ) : ਪੰਜਾਬ 'ਚ ਫਾਇਰਮੈਨਾਂ ਦੀ ਭਰਤੀ ਸਬੰਧੀ ਹੈਰਾਨ ਕਰਦੀ ਗੱਲ ਸਾਹਮਣੇ ਆਈ ਹੈ। ਦਰਅਸਲ ਫਾਇਰਮੈਨ ਲਈ ਰੱਖੀਆਂ ਅਸਾਮੀਆਂ 'ਚੋਂ ਔਰਤਾਂ ਦੀਆਂ 461 ਅਸਾਮੀਆਂ ਲਈ ਕਿਸੇ ਵੀ ਮਹਿਲਾ ਉਮੀਦਵਾਰ ਨੇ ਯੋਗਤਾ ਪੂਰੀ ਨਹੀਂ ਕੀਤੀ। ਇਸ ਕਾਰਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹੁਕਮ ਜਾਰੀ ਕਰਦਿਆਂ ਇਹ ਸਾਰੀਆਂ ਸੀਟਾਂ ਪੁਰਸ਼ ਉਮੀਦਵਾਰਾਂ ਨੂੰ ਦੇਣ ਦੀ ਮਨਜ਼ੂਰੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਹਾਈਕੋਰਟ ਨੇ ਪੰਜਾਬ ਦੇ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਮੂਲ ਰੂਪ ਤੋਂ ਔਰਤਾਂ ਲਈ ਫਾਇਰ ਵਿਭਾਗ ਦੀਆਂ ਸੈਂਕੜੇ ਅਸਾਮੀਆਂ ਰਾਖਵੇਂਕਰਨ ਦੇ ਨਿਯਮਾਂ ਮੁਤਾਬਕ ਭਰਨ।
ਇਨ੍ਹਾਂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ 28 ਜਨਵਰੀ, 2023 ਨੂੰ ਸ਼ੁਰੂ ਕੀਤੀ ਗਈ ਸੀ। ਇਸ ਭਰਤੀ ਅਧੀਨ ਪੰਜਾਬ ਦੀਆਂ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਪੰਚਾਇਤਾਂ 'ਚ ਫਾਇਰਮੈਨ ਅਤੇ ਡਰਾਈਵਰ-ਆਪਰੇਟਰਾਂ ਦੀਆਂ ਕੁੱਲ 991 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਅਤੇ ਹਾਈਕੋਰਟ ਦੇ ਹੁਕਮਾਂ ਮੁਤਾਬਕ ਇਨ੍ਹਾਂ 'ਚੋਂ 461 ਅਸਾਮੀਆਂ ਔਰਤਾਂ ਲਈ ਰਾਖਵੀਆਂ ਰੱਖੀਆਂ ਗਈਆਂ ਸਨ।
ਇਹ ਵੀ ਪੜ੍ਹੋ : PSTET ਦੀ ਪ੍ਰੀਖਿਆ ਇਸ ਤਾਰੀਖ਼ ਨੂੰ ਹੋਵੇਗੀ, SCERT ਨੇ ਕੀਤਾ ਐਲਾਨ
ਭਰਤੀ ਦੌਰਾਨ 1875 ਮਹਿਲਾ ਉਮੀਦਵਾਰਾਂ ਨੇ ਸਰੀਰਕ ਟੈਸਟ ਲਈ ਹਾਜ਼ਰੀ ਭਰੀ ਪਰ ਕੋਈ ਵੀ ਮਹਿਲਾ ਨਿਰਧਾਰਿਤ ਮਾਪਦੰਡਾਂ ਅਨੁਸਾਰ ਸਰੀਰਕ ਟੈਸਟ ਪਾਸ ਨਹੀਂ ਕਰ ਸਕੀ। ਇਸ ਤੋਂ ਬਾਅਦ ਮਾਮਲਾ ਅਦਾਲਤ ਤੱਕ ਪੁੱਜਿਆ, ਜਿੱਥੇ ਹਾਈਕੋਰਟ ਨੇ ਸਥਿਤੀ ਨੂੰ ਧਿਆਨ 'ਚ ਰੱਖਦਿਆਂ 461 ਖ਼ਾਲੀ ਅਸਾਮੀਆਂ ਪੁਰਸ਼ਾਂ ਨੂੰ ਅਲਾਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਪਟੀਸ਼ਨ ਦਾ ਨਿਪਟਾਰਾ ਕਰਦੇ ਹੋਏ ਹਾਈਕੋਰਟ ਨੇ ਇਸ ਪ੍ਰਕਿਰਿਆ ਲਈ ਕੋਈ ਸਮਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
