ਅੰਮ੍ਰਿਤਸਰ 'ਚ ਚੱਪੇ-ਚੱਪੇ 'ਤੇ ਲੱਗ ਗਈ ਪੁਲਸ, ਪੂਰੇ ਸ਼ਹਿਰ ਵਿਚ ਲੱਗ ਗਏ ਨਾਕੇ
Wednesday, Jan 07, 2026 - 06:33 PM (IST)
ਅੰਮ੍ਰਿਤਸਰ (ਜਸ਼ਨ) : ਸ਼ਹਿਰ ਵਿਚ ਅਪਰਾਧਿਕ ਅਨਸਰਾਂ ’ਤੇ ਨਕੇਲ ਕੱਸਣ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਨੇ ਵਿਸ਼ੇਸ਼ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਹੈ। ਇਸ ਤਹਿਤ ਸ਼ਹਿਰ ਦੇ ਲਗਭਗ ਹਰੇਕ ਮੁੱਖ ਚੌਕ ਅਤੇ ਚੌਰਾਹੇ ’ਤੇ ਪੰਜਾਬ ਪੁਲਸ ਵੱਲੋਂ ਚੱਪੇ-ਚੱਪੇ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਮੁਹਿੰਮ ਵਿੱਢੀ ਗਈ ਹੈ। ਸ਼ਹਿਰ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ’ਤੇ ਪੁਲਸ ਅਧਿਕਾਰੀਆਂ ਦੀ ਤਿੱਖੀ ਨਜ਼ਰ ਹੈ ਅਤੇ ਉੱਥੇ ਵੱਡੀ ਗਿਣਤੀ ਵਿਚ ਪੁਲਸ ਕਰਮੀ ਦਿਨ-ਰਾਤ ਵਾਹਨਾਂ ਦੀ ਬਾਰੀਕੀ ਨਾਲ ਚੈਕਿੰਗ ਕਰ ਰਹੇ ਹਨ। ਸੂਤਰਾਂ ਅਨੁਸਾਰ ਇਸ ਆਪ੍ਰੇਸ਼ਨ ਦਾ ਮੁੱਖ ਟੀਚਾ ਨਸ਼ਾ ਤਸਕਰਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨਾ ਹੈ। ਇਸ ਦੌਰਾਨ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ. ਸੀ. ਪੀ. (ਇਨਵੈਸਟੀਗੇਸ਼ਨ) ਰਵਿੰਦਰਪਾਲ ਸੰਧੂ ਸਮੇਂ-ਸਮੇਂ ’ਤੇ ਖ਼ੁਦ ਨਿਗਰਾਨੀ ਕਰਦੇ ਹੋਏ ਮੁਲਾਜ਼ਮਾਂ ਦੀ ਡਿਊਟੀ ਦੇਖਣ ਅਤੇ ਨਾਕਿਆਂ ’ਤੇ ਚੈਕਿੰਗ ਲਈ ਫੀਲਡ ਵਿਚ ਉਤਰ ਰਹੇ ਹਨ। ਇਸ ਤੋਂ ਇਲਾਵਾ ਉੱਚ ਪੁਲਸ ਅਧਿਕਾਰੀ ਆਪਣੀਆਂ ਟੀਮਾਂ ਸਮੇਤ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਜਨਤਕ ਥਾਵਾਂ (ਮਾਲਜ਼, ਹੋਟਲ ਆਦਿ) ਦੀ ਵਿਸ਼ੇਸ਼ ਚੈਕਿੰਗ ਕਰ ਰਹੇ ਹਨ। ਇਸ ਮੁਹਿੰਮ ਵਿਚ ਸੁਰੱਖਿਆ ਬਲਾਂ ਅਤੇ ਸਨੀਫਰ ਡੌਗ ਟੀਮ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਸ ਚੌਕੀ ਗ੍ਰੀਨ ਐਵੇਨਿਊ, ਛੇਹਰਟਾ ਅਧੀਨ ਆਉਂਦੇ ਇੰਡੀਆ ਗੇਟ ਚੌਕ ਅਤੇ ਟ੍ਰਿਲੀਅਮ ਮਾਲ ਦੇ ਬਾਹਰ ਪੱਕੀ ਨਾਕਾਬੰਦੀ ਕਰਕੇ ਹਰੇਕ ਵਾਹਨ ਦਾ ਰਿਕਾਰਡ ਖੰਗਾਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਇਹ ਵੱਡੀ ਨਹਿਰ ਬੰਦ, ਨੋਟੀਫਿਕੇਸ਼ਨ ਜਾਰੀ
ਪੁਲਸ ਨੇ ਦਿਨ ਭਰ ਵਿਚ ਕੀਤੇ 250 ਤੋਂ ਵੱਧ ਚਾਲਾਨ
ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵੀ ਚਲਾਈ ਗਈ ਹੈ। ਇਸ ਤਹਿਤ ਸੜਕਾਂ ਅਤੇ ਫੁੱਟਪਾਥਾਂ ’ਤੇ ਕਬਜ਼ਾ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਨੂੰ ਹਟਾਇਆ ਜਾ ਰਿਹਾ ਹੈ। ਏ. ਡੀ. ਸੀ. ਪੀ. ਅਮਨਦੀਪ ਕੌਰ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਚੈਕਿੰਗ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਾਲਾਨ ਕੱਟੇ ਹਨ। ਵਿਸ਼ੇਸ਼ ਟੀਮਾਂ ਹਿਸਟਰੀਸ਼ੀਟਰਾਂ (ਪੁਰਾਣੇ ਮੁਲਜ਼ਮਾਂ) ਦੇ ਰਿਕਾਰਡ ਦੀ ਵੀ ਜਾਂਚ ਕਰ ਰਹੀਆਂ ਹਨ। ਸ਼ਹਿਰ ਵਿਚ ਕਾਲੀ ਫ਼ਿਲਮ ਵਾਲੇ ਵਾਹਨਾਂ, ਟ੍ਰਿਪਲ ਰਾਈਡਿੰਗ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲਸ ਨੂੰ ਸਹਿਯੋਗ ਦੇਣ, ਕਿਸੇ ਵੀ ਸ਼ੱਕੀ ਵਸਤੂ ਬਾਰੇ ਤੁਰੰਤ ਸੂਚਿਤ ਕਰਨ ਅਤੇ ਅਫ਼ਵਾਹਾਂ 'ਤੇ ਧਿਆਨ ਨਾ ਦੇਣ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਛੁੱਟੀਆਂ ਵਿਚਾਲੇ ਅਹਿਮ ਖ਼ਬਰ, 20 ਜਨਵਰੀ ਤੱਕ ਰਜਿਸਟ੍ਰੇਸ਼ਨ ਰਹੇਗੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
