20 ਤਾਰੀਖ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਬੰਦ ਰਹੇਗਾ ਇਹ ਪੂਰਾ ਸ਼ਹਿਰ

Saturday, Jan 17, 2026 - 05:59 PM (IST)

20 ਤਾਰੀਖ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਬੰਦ ਰਹੇਗਾ ਇਹ ਪੂਰਾ ਸ਼ਹਿਰ

ਬੁਢਲਾਡਾ (ਬਾਂਸਲ) : 20 ਜਨਵਰੀ ਨੂੰ ਬੁਢਲਾਢਾ ਸ਼ਹਿਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਸਥਾਨਕ ਸ਼ਹਿਰ ਅੰਦਰ ਆਬਾਦੀ ਵਿਚਕਾਰ ਬਣੇ ਕੂੜੇ ਦੇ ਡੰਪ ਨੂੰ ਹਟਾਉਣ ਲਈ ਸ਼ਹਿਰ ਦੇ ਲੋਕਾਂ ਵੱਲੋਂ ਲਗਾਇਆ ਧਰਨਾ 34ਵੇਂ ਦਿਨ ਵਿਚ ਦਾਖਲ ਹੋ ਚੁੱਕਾ ਹੈ, ਜਿੱਥੇ ਤਹਿਸੀਲਦਾਰ ਬੁਢਲਾਡਾ ਮਨਵੀਰ ਸਿੰਘ ਢਿਲੋਂ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਦਿਆਂ ਕੂੜੇ ਦੇ ਡੰਪ ਦਾ ਹੱਲ ਜਲਦ ਕਰਨ ਦਾ ਭਰੋਸਾ ਦਿੱਤਾ। ਉਧਰ ਧਰਨਾਕਾਰੀਆਂ ਨੇ ਕਿਹਾ ਕਿ ਕੌਂਸਲ ਅਧਿਕਾਰੀ ਅਤੇ ਵਿਧਾਇਕ ਹੱਲ ਕੱਢਣ ਦੀ ਬਜਾਏ ਡੰਗ ਟਪਾਊ ਨੀਤੀ ਅਪਣਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਕੂੜੇ ਦੇ ਡੰਪ ਤੇ 34 ਦਿਨਾਂ ਤੋਂ ਕੇਵਲ ਸਿਆਸੀ ਲੋਕਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਪ੍ਰੰਤੂ ਇਸ ਦੇ ਹੱਲ ਲਈ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ। ਧਰਨੇ ਨੂੰ ਸੰਬੋਧਨ ਕਰਦਿਆਂ ਨਗਰ ਸੁਧਾਰ ਸਭਾ ਦੇ ਬੁਲਾਰੇ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੰਨੀ, ਕੌਂਸਲਰ ਹਰਵਿੰਦਰਦੀਪ ਸਿੰਘ ਸਵੀਟੀ, ਕੌਂਸਲਰ ਸੁਖਜੀਤ ਸਿੰਘ ਸੋਨੀ ਦੇ ਆਧਾਰਿਤ ਹਾਜ਼ਰ ਲੋਕਾਂ ਨੇ ਐਲਾਨ ਕੀਤਾ ਕਿ ਪ੍ਰਸ਼ਾਸ਼ਨ ਦੀ ਡੰਗ ਟਪਾਊ ਨੀਤੀ ਖਿਲਾਫ 20 ਜਨਵਰੀ ਨੂੰ ਬੁਢਲਾਡਾ ਸ਼ਹਿਰ ਬੰਦ ਕਰਨ ਦਾ ਐਲਾਨ ਕੀਤਾ ਅਤੇ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਗਲੀ ਗਲੀ ਲੱਗੇ ਕੂੜੇ ਦੇ ਢੇਰਾ ਤੋਂ ਨਿਯਾਤ ਦਵਾਉਣ ਲਈ 20 ਜਨਵਰੀ ਦੇ ਬੁਢਲਾਡਾ ਬੰਦ ਨੂੰ ਸਫਲ ਬਨਾਉਣ ਅਤੇ ਸ਼ਹਿਰ ਦੀ ਸੁੰਦਰਤਾ ਲਈ ਸਹਿਯੋਗ ਦੇਣ। 

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਮੰਗ, ਠੁਰ-ਠੁਰ ਕਰਦੇ ਸਕੂਲ ਪਹੁੰਚ ਰਹੇ ਬੱਚੇ

PunjabKesari

ਉਨ੍ਹਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ 34 ਦਿਨਾਂ ਤੋਂ ਚੱਲ ਰਹੇ ਧਰਨੇ ਵਿਚ ਪਹੁੰਚ ਕੇ ਆਪਣੀ ਸ਼ਮੂਲੀਅਤ ਯਕੀਨੀ ਬਨਾਉਣ। ਉਨ੍ਹਾਂ ਕਿਹਾ ਕਿ ਇਹ ਕੂੜੇ ਦਾ ਡੰਪ ਆਬਾਦੀ ਦੇ ਬਿਲਕੁੱਲ ਵਿਚਕਾਰ ਹੈ ਜਿੱਥੇ ਵੱਖ-ਵੱਖ ਧਰਮਾਂ ਨਾਲ ਸਬੰਧਤ ਮੰਦਰ, ਗੁਰਦੁਆਰਾ, ਮਸਜਿਦ ਸਥਾਪਤ ਹਨ। ਨਗਰ ਕੌਂਸਲ 'ਚ ਜਨਰਲ ਮੀਟਿੰਗ ਦੌਰਾਨ ਹਲਕਾ ਵਿਧਾਇਕ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਨਗਰ ਕੌਂਸਲ ਜਲਦ ਨਵੀਂ ਜਗ੍ਹਾ ਦੀ ਭਾਲ ਕਰਕੇ ਕੂੜੇ ਦਾ ਡੰਪ ਜਲਦ ਹੀ ਤਬਦੀਲ ਕਰ ਦਿੱਤਾ ਜਾਵੇਗਾ। ਹੈਰਾਨੀ ਦੀ ਗੱਲ ਹੈ ਕਿ ਸਮੱਸਿਆ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਦੀ ਸਾਰ ਲੈਣ ਲਈ ਵਿਧਾਇਕ ਸਮੇਤ ਸਰਕਾਰ ਦਾ ਕੋਈ ਵੀ ਵਿਅਕਤੀ ਧਰਨੇ ਵਾਲੀ ਜਗ੍ਹਾ 'ਤੇ ਨਹੀਂ ਪਹੁੰਚਿਆ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੌਜੂਦਾ ਸਰਕਾਰ ਅਤੇ ਨਗਰ ਕੌਂਸਲ ਇਸ ਮੁੱਦੇ ਸੰਬੰਧੀ ਗੰਭੀਰ ਨਹੀਂ ਹੈ। ਜਿਸ ਕਾਰਨ ਸ਼ਹਿਰ ਅੰਦਰ ਗੰਦਗੀ ਦੇ ਵੱਡੇ ਵੱਡੇ ਢੇਰ ਜਿੱਥੇ ਲੋਕਾਂ ਦਾ ਮੂੰਹ ਚਿੜਾ ਰਹੇ ਹਨ ਉਥੇ ਬੀਮਾਰੀਆਂ ਨੂੰ ਸੱਦਾ ਦੇ ਰਹੇ ਹਨ। ਇਸ ਮੌਕੇ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ, ਸੱਤਪਾਲ ਸਿੰਘ ਮੂਲੇਵਾਲਾ, ਜਗਸੀਰ ਸਿੰਘ ਰਾਏਕੇ ਕਲਾਂ, ਰਾਮ ਸਿੰਘ, ਕਪਿਲ ਕੁਮਾਰ, ਗੁਰਦੀਪ ਸਿੰਘ, ਰਣਜੀਤ ਸਿੰਘ, ਚਿਮਨ ਲਾਲ, ਰਜਿੰਦਰ ਸਿੰਘ, ਹਰੀ ਚੰਦ ਸਮੇਤ ਵੱਡੀ ਗਿਣਤੀ ਮੁਹੱਲੇ ਦੀਆਂ ਔਰਤਾਂ ਸ਼ਾਮਲ ਸਨ।


author

Gurminder Singh

Content Editor

Related News