ਪਹਿਲਾਂ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕੀਤੀ ਔਰਤ, ਫਿਰ ਵੀਡੀਓ ਬਣਾਉਂਦਿਆਂ ਟੱਪੀਆਂ ਹੱਦਾਂ

06/24/2024 12:40:46 PM

ਜਗਰਾਓਂ (ਮਾਲਵਾ) : ਜਗਰਾਓਂ ਦੀ ਰਹਿਣ ਵਾਲੀ ਇਕ ਲੜਕੀ ਦੀ ਸ਼ਿਕਾਇਤ ’ਤੇ ਪਿੰਡ ਕਾਉਂਕੇ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਉਰਫ ਹੈਪੀ ਖ਼ਿਲਾਫ ਸਰੀਰਕ ਸ਼ੋਸ਼ਣ ਕਰਨ ਅਤੇ ਸੋਸ਼ਲ ਮੀਡੀਆ ਉੱਪਰ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਡਾਊਨਲੋਡ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਦੀ ਸਾਜ਼ਿਸ਼ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਸਿਟੀ ਜਗਰਾਓਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ ਘਰੇਲੂ ਖਰਚੇ ਲਈ ਪੈਸੇ ਦੀ ਜ਼ਰੂਰਤ ਸੀ ਤਾਂ ਉਸਨੇ ਝਾਂਸੀ ਰਾਣੀ ਚੌਕ ਜਗਰਾਓਂ ਨੇੜੇ ਬਜਾਜ ਫਾਇਨਾਂਸ ’ਤੇ ਲੋਨ ਲੈਣ ਲਈ ਦਰਖਾਸਤ ਦਿੱਤੀ, ਜਿੱਥੇ ਲੋਨ ਡਿਪਾਰਟਮੈਂਟ ਵਿਚ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨੈਬ ਸਿੰਘ ਵਾਸੀ ਕਾਉਂਕੇ ਕਲਾਂ ਕੰਮ ਕਰਦਾ ਸੀ।

ਉਸ ਨਾਲ ਉਕਤ ਔਰਤ ਦੀ ਜਾਣ-ਪਛਾਣ ਹੋ ਗਈ। ਹਰਪ੍ਰੀਤ ਸਿੰਘ ਨੇ ਉਕਤ ਔਰਤ ਨੂੰ ਵਰਗਲਾ ਕੇ ਕਿਹਾ ਕਿ ਉਹ ਉਸ ਦਾ ਲੋਨ ਸਸਤੀ ਵਿਆਜ ਦਰ ’ਤੇ ਪਾਸ ਕਰਵਾ ਸਕਦਾ ਹੈ ਅਤੇ ਉਹ ਉਸਨੂੰ ਆ ਕੇ ਮਿਲੇ। ਔਰਤ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਉਸ ਨੂੰ ਆਪਣੀ ਕਾਰ ਵਿਚ ਬਿਠਾ ਕੇ ਕਿਸੇ ਗੁਪਤ ਥਾਂ ’ਤੇ ਲੈ ਗਿਆ ਅਤੇ ਕੋਲਡ ਡਰਿੰਕ ਵਿਚ ਕੋਈ ਨਸ਼ੀਲਾ ਪਦਾਰਥ ਪਿਲਾ ਕੇ ਬੇਹੋਸ਼ ਕਰ ਦਿੱਤਾ ਅਤੇ ਉਸ ਨਾਲ ਜ਼ਬਰਦਸਤੀ ਸਰੀਰਿਕ ਸਬੰਧ ਸਥਾਪਤ ਕਰ ਲਏ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਅਤੇ ਵੀਡੀਓ ਵੀ ਬਣਾ ਲਈਆਂ। ਉਸ ਨੂੰ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਅਪਲੋਡ ਕਰਨ ਦੀ ਧਮਕੀ ਦੇ ਕੇ ਉਸ ਦਾ ਕਈ ਮਹੀਨਿਆਂ ਤੋਂ ਉਹ ਸਰੀਰਿਕ ਸੋਸ਼ਣ ਕਰਦਾ ਆ ਰਿਹਾ ਹੈ। ਪੁਲਸ ਨੇ ਹਰਪ੍ਰੀਤ ਸਿੰਘ ਹੈਪੀ ਖ਼ਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।


Gurminder Singh

Content Editor

Related News