ਮਤਰੇਏ ਪਿਓ ਦੀ ਸ਼ਰਮਾਨਕ ਕਰਤੂਤ, ਧੀ ਨਾਲ ਹੀ ਟੱਪੀਆਂ ਹੱਦਾਂ

Monday, Jul 27, 2026 - 04:31 PM (IST)

ਮਤਰੇਏ ਪਿਓ ਦੀ ਸ਼ਰਮਾਨਕ ਕਰਤੂਤ, ਧੀ ਨਾਲ ਹੀ ਟੱਪੀਆਂ ਹੱਦਾਂ

ਫਰੀਦਕੋਟ (ਜਗਦੀਸ਼) : ਜ਼ਿਲ੍ਹੇ ਦੇ ਇਕ ਕਸਬੇ ’ਚ ਔਰਤ ਵੱਲੋਂ ਦੂਸਰਾ ਵਿਆਹ ਕਰਵਾਏ ਜਾਣ ਤੋਂ ਬਾਅਦ ਉਸ ਦੇ ਦੂਸਰੇ ਪਤੀ ਵੱਲੋਂ ਲੜਕੀ ਨਾਲ ਇਤਰਾਜ਼ਯੋਗ ਹਰਕਤਾਂ ਕਰਨ ਦਾ ਅਤਿ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਪੁਲਸ ਨੇ ਲੜਕੀ ਦੇ ਮਤਰੇਏ ਪਿਓ ਵਿਰੁੱਧ ਥਾਣੇ ’ਚ ਮੁਕੱਦਮਾ ਦਰਜ ਕਰ ਲਿਆ ਹੈ, ਜਦਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਹੋਣੀ ਅਜੇ ਬਾਕੀ ਹੈ। ਪੀੜਤ ਲੜਕੀ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ’ਚ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ। ਉਸ ਦੀ ਮਾਂ ਨੇ ਲਗਭਗ 10-12 ਸਾਲ ਪਹਿਲਾਂ ਆਪਣੇ ਪਹਿਲੇ ਪਤੀ ਨੂੰ ਛੱਡ ਦਿੱਤਾ ਸੀ। ਇਸ ਤੋਂ ਬਾਅਦ ਉਸ ਦੀ ਮਾਂ ਨੇ ਉਕਤ ਵਿਅਕਤੀ ਨਾਲ ਦੂਸਰਾ ਵਿਆਹ ਕਰਵਾ ਲਿਆ ਸੀ, ਜਿਸ ਤੋਂ ਬਾਅਦ ਉਸ ਦੀ ਮਾਂ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਲੜਕੀ ਨੇ ਦੱਸਿਆ ਕਿ ਉਸ ਦਾ ਮਤਰੇਆ ਬਾਪ ਉਸ ’ਤੇ ਸ਼ੁਰੂ ਤੋਂ ਹੀ ਮਾੜੀ ਨਜ਼ਰ ਰੱਖਦਾ ਸੀ। ਜਦੋਂ ਇਸ ਗੱਲ ਦਾ ਪਤਾ ਉਸ ਦੀ ਮਾਂ ਨੂੰ ਲੱਗਿਆ ਤਾਂ ਉਸ ਨੇ ਮੁਲਜ਼ਮ ਨੂੰ ਬੀਤੀ 24 ਜੁਲਾਈ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਅਤੇ ਉਸ ਦੀ ਮਾਂ ਵੀ ਗੁਜ਼ਾਰਾ ਕਰਨ ਲਈ ਲੋਕਾਂ ਦੇ ਘਰਾਂ ’ਚ ਸਫ਼ਾਈ ਆਦਿ ਦਾ ਕੰਮ ਕਰਨ ਲੱਗ ਪਈ।

ਘਟਨਾ ਵਾਲੇ ਦਿਨ ਜਦੋਂ ਲੜਕੀ ਦੀ ਮਾਂ ਕੰਮ ’ਤੇ ਗਈ ਹੋਈ ਸੀ ਤਾਂ ਮੁਲਜ਼ਮ ਚੋਰੀ-ਛਿਪੇ ਘਰ ਆ ਗਿਆ ਅਤੇ ਲੜਕੀ ਨਾਲ ਗੰਦੀਆਂ ਹਰਕਤਾਂ ਕਰਨ ਲੱਗ ਪਿਆ। ਲੜਕੀ ਨੇ ਜਦੋਂ ਉਸ ਦਾ ਵਿਰੋਧ ਕੀਤਾ ਅਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਲੜਕੀ ਡਰ ਕੇ ਘਰ ਦੀ ਰਸੋਈ ’ਚ ਚਲੀ ਗਈ ਪਰ ਨੰਦ ਲਾਲ ਨੇ ਘਰ ਦਾ ਮੁੱਖ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਰਸੋਈ ’ਚ ਵੜ ਕੇ ਉਸ ਦੀਆਂ ਬਾਹਾਂ ਫੜ ਲਈਆਂ ਤੇ ਜ਼ਬਰਦਸਤੀ ਇਤਰਾਜ਼ਯੋਗ ਹਰਕਤਾਂ ਕਰਨ ਲੱਗਾ। ਜਦੋਂ ਲੜਕੀ ਨੇ ਹਿੰਮਤ ਕਰ ਕੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਮੌਕੇ ਤੋਂ ਭੱਜ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਸ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਨਛੱਤਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News