ਤਾਲਿਬਾਨੀ ਜ਼ੁਲਮ! ਨਾਬਾਲਗ ਨੂੰ ਅਗਵਾ ਕਰ ਢਾਹਿਆ ਤਸ਼ੱਦਦ, ਵਾਇਰਲ ਕੀਤੀ ਵੀਡੀਓ

Tuesday, Jul 21, 2026 - 12:02 PM (IST)

ਤਾਲਿਬਾਨੀ ਜ਼ੁਲਮ! ਨਾਬਾਲਗ ਨੂੰ ਅਗਵਾ ਕਰ ਢਾਹਿਆ ਤਸ਼ੱਦਦ, ਵਾਇਰਲ ਕੀਤੀ ਵੀਡੀਓ

ਲੁਧਿਆਣਾ (ਤਰੁਣ)- ਸ਼ਿੰਗਾਰ ਸਿਨੇਮਾ ਰੋਡ ਇਲਾਕੇ ਵਿਚ ਮਨੁੱਖਤਾ ਨੂੰ ਸ਼ਰਮਸਾਰ ਅਤੇ ਰੋਂਗਟੇ ਖੜ੍ਹੇ ਕਰ ਦੇਣ ਵਾਲੀ ਤਾਲਿਬਾਨੀ ਬਰਬਰਤਾ ਵਰਗਾ ਕਾਂਡ ਸਾਹਮਣੇ ਆਇਆ ਹੈ। ਜਿੱਥੇ ਬੇਖੌਫ ਬਦਮਾਸ਼ਾਂ, ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਨੇ ਹਮਮਸ਼ਵਰਾ ਹੋ ਕੇ ਇਕ ਨਾਬਾਲਗ ਲੜਕੇ ਨੂੰ ਬੰਧਕ ਬਣਾ ਲਿਆ ਅਤੇ ਆਟੋ ਵਿਚ ਪਾ ਕੇ ਸੁੰਨਸਾਨ ਜਗ੍ਹਾ ’ਤੇ ਲੈ ਗਏ। ਜਿੱਥੇ ਨਾਬਾਲਗ ਨੂੰ ਜਾਨਵਰਾਂ ਵਾਂਗ ਕੁੱਟਿਆ। ਬਦਮਾਸ਼ਾਂ ਨੇ ਨਾਬਾਲਗ ਨੂੰ ਪਿਸ਼ਾਬ ਪਿਲਾਇਆ ਅਤੇ ਜ਼ਮੀਨ ‘ਤੇ ਕਈ ਵਾਰ ਥੁੱਕ ਚਟਵਾਇਆ ਅਤੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।

ਇਸ ਜ਼ੁਲਮ ਭਰੇ ਕਾਂਡ ਤੋਂ ਬਾਅਦ ਨਾਬਾਲਗ ਲੜਕਾ ਕਿਸੇ ਤਰ੍ਹਾਂ ਘਰ ਪੁੱਜਾ ਅਤੇ ਪਰਿਵਾਰ ਵਾਲਿਆਂ ਨੂੰ ਜਾਣਕਾਰੀ ਦਿੱਤੀ। ਪੀੜਤ ਦੇ ਪਿਤਾ ਨੇ ਥਾਣਾ ਡਵੀਜ਼ਨ ਨੰ.3 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੀੜਤ ਨਾਬਾਲਗ ਲੜਕੇ ਦੇ ਪਿਤਾ ਰਾਜੂ ਕੁਮਾਰ ਨੇ ਦੱਸਿਆ ਕਿ ਉਸ ਦਾ ਵੱਡਾ ਬੇਟਾ ਅਕਸ਼ੇ (21) ਅਤੇ ਛੋਟਾ ਬੇਟਾ ਸ਼ਿਵਮ (15) ਹਜੇ ਪੜ੍ਹਦੇ ਹਨ। 19 ਜੁਲਾਈ ਦੀ ਦੁਪਹਿਰ ਨੂੰ ਉਸ ਦਾ ਛੋਟਾ ਬੇਟਾ ਛੋਲੇ-ਭਟੂਰੇ ਖਾਣ ਲਈ ਸ਼ਿੰਗਾਰ ਸਿਨੇਮਾ ਰੋਡ ਗਿਆ। ਘਰ ਮੁੜਦੇ ਸਮੇਂ ਰੋਡ ’ਤੇ ਹੀ ਬਦਮਾਸ਼ਾਂ ਨੇ ਉਸ ਦੇ ਬੇਟੇ ਦਾ ਰਸਤਾ ਰੋਕਿਆ।

ਸ਼ਿਵਮ ਨੇ ਉਨ੍ਹਾਂ ਦੀ ਚੁੰਗਲ ਵਿਚੋਂ ਨਿਕਲਣ ਦਾ ਯਤਨ ਕੀਤਾ ਪਰ ਬਦਮਾਸ਼ਾਂ ਦੀ ਗਿਣਤੀ ਜ਼ਿਆਦਾ ਸੀ। ਬਦਮਾਸ਼ਾਂ ਨੇ ਸ਼ਿਵਮ ਦੇ ਨਾਲ ਗਾਲੀ ਗਲੋਚ ਅਤੇ ਕੁੱਟਮਾਰ ਕਰਦੇ ਹੋਏ ਉਸ ਨੂੰ ਮੋਟਰਸਾਈਕਲ ਸਮੇਤ ਅਗਵਾ ਕਰ ਲਿਆ। ਬਦਮਾਸ਼ ਉਸ ਨੂੰ ਆਟੋ ਵਿਚ ਪਾ ਕੇ ਇਕ ਸੁੰਨਸਾਨ ਜਗ੍ਹਾ ’ਤੇ ਲੈ ਗਏ ਜਿਥੇ ਉਸ ਦੇ ਨਾਲ ਕਾਫੀ ਬੇਦਰਦੀ ਅਤੇ ਨਿਰਦੈਤਾ ਨਾਲ ਕੁੱਟਮਾਰ ਕੀਤੀ ਗਈ। ਬਦਮਾਸ਼ਾਂ ਨੇ ਉਸ ਨੂੰ ਪਿਸ਼ਾਰ ਪਲਾਇਆ ਅਤੇ ਜ਼ਮੀਨ ’ਦੇ ਕਈ ਵਾਰ ਥੁੱਕ ਚਟਵਾਇਆ। ਮੁਲਜ਼ਮ ਔਰਤਾਂ ਸਮੇਤ ਬਦਮਾਸ਼ਾਂ ਨੇ ਬੇਖੌਫ ਹੋ ਕੇ ਇਸ ਦਿਲ ਕੰਭਾ ਦੇਣ ਵਾਲੀ ਘਟਨਾ ਦੀ ਵੀਡੀਓ ਬਣਾਈ ਅਤੇ ਨਾਬਾਲਗ ਦੇ ਪਰਿਵਾਰ ਸਮੇਤ ਉਸ ਦੇ ਜਾਨ ਪਛਾਣ ਵਾਲਿਆਂ ਵਿਚ ਵਾਇਰਲ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਉਸ ਦਾ ਬੇਟਾ ਸ਼ਿਵਮ ਕਾਫੀ ਦਹਿਸ਼ਤ ਵਿਚ ਹੈ ਅਤੇ ਸੁਧ ਬੁਧ ਗੁਆ ਚੁੱਕਾ ਹੈ।

ਮੁਲਜ਼ਮਾਂ ਦੀ ਭਾਲ ਜਾਰੀ : ਥਾਣਾ ਮੁਖੀ ਗੁਰਜੀਤ ਸਿੰਘ

ਇਸ ਸਬੰਧੀ ਥਾਣਾ ਡਵੀਜ਼ਨ ਨੰ.3 ਦੇ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਨਾਬਾਲਗ ਲੜਕੇ ਸ਼ਿਵਮ ਦੇ ਪਿਤਾ ਰਾਜੂ ਕੁਮਾਰ ਨਿਵਾਸੀ ਈ.ਡਬਲਿਊ.ਐੱਸ. ਕਾਲੋਨੀ ਤਾਜਪੁਰ ਰੋਡ ਦੇ ਬਿਆਨ ’ਤੇ ਸ਼ੇਰੂ ਪੱਪਾ ਯਾਦਵ, ਵਿਸ਼ਣੂ ਬੈਂਸ, ਨੀਤੂ, ਨੇਹਾ, ਸੋਨਾ, ਸੰਜਨਾ, ਸੋਮਾ, ਮਾਇਆ ਅਤੇ 2 ਅਣਪਛਾਤੇ ਬਦਮਾਸ਼ਾਂ ਖਿਲਾਫ ਅਗਵਾ, ਕੁੱਟਮਾਰ ਅਤੇ ਮਾਣ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਕੇਸ ਦਰਜ ਕਰ ਲਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਰੰਜ਼ਿਸ਼ ਕਾਰਨ ਨਾਬਾਲਗ ਨਾਲ ਹੋਇਆ ਜ਼ੁਲਮ

ਇਸ ਸਬੰਧੀ ਚੌਕੀ ਇੰਚਾਰਜ ਧਰਮਪੁਰਾ ਦੇ ਸਤਨਾਮ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦਾ ਪੁਰਾਣਾ ਵਿਵਾਦ ਹੈ। ਸ਼ਿਕਾਇਤਕਰਤਾ ਰਾਜੂ ਦੇ ਵੱਡੇ ਬੇਟੇ ਅਕਸ਼ੇ ਦੀ ਪੁਰਾਣੀ ਰੰਜ਼ਿਸ਼ ਹੈ। ਮੁਲਜ਼ਮ ਪੱਖ ਦੀ ਨੇਹਾ ਦਾ ਅਕਸ਼ੇ ਦੇ ਨਾਂਲ ਰਿਸ਼ਤਾ ਸੀ ਪਰ ਬਾਅਦ ਵਿਚ ਦੋਵਾਂ ਵਿਚ ਰਿਸ਼ਤਾ ਟੁੱਟ ਗਿਆ ਅਤੇ ਨੇਹਾ ਨੇ ਅਕਸ਼ੇ ਖਿਲਾਫ ਥਾਣਾ ਡਵੀਜ਼ਨ ਨੰ.2 ਵਿਚ ਜਬਰਜ਼ਨਾਹ ਦੇ ਦੋਸ਼ ਵਿਚ ਕੇਸ ਦਰਜ ਕਰਵਾ ਦਿੱਤਾ। ਇਸੇ ਗੱਲ ਦੀ ਰੰਜ਼ਿਸ਼ ਦੋਵੇਂ ਧਿਰਾਂ ਵਿਚ ਚੱਲ ਰਹੀ ਹੈ। ਇਸੇ ਰੰਜ਼ਿਸ਼ ਦਾ ਖਮਿਆਜਾ ਅਕਸ਼ੇ ਦੇ ਛੋਟੇ ਭਰਾ ਸ਼ਿਵਮ ਨੂੰ ਚੁਕਾਉਣਾ ਪਿਆ।

ਸ਼ਿਵਮ ਦੇ ਨਾਲ ਜ਼ੁਲਮ ਵਾਲੀ ਇਸ ਘਿਣਾਉਣੀ ਹਰਕਤ ਨੂੰ ਅੰਜਾਮ ਦੇਣ ਵਾਲੇ ਸਾਰੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਿਆਦਾਤਰ ਮੁਲਜ਼ਮ ਫੀਲਡਗੰਜ ਇਲਾਕੇ ਦੇ ਕੂਚੇ ਦੇ ਰਹਿਣ ਵਾਲੇ ਹਨ।


author

Anmol Tagra

Content Editor

Related News