ਨਸ਼ੀਲੇ ਪਦਾਰਥ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

Saturday, Jul 25, 2026 - 01:26 PM (IST)

ਨਸ਼ੀਲੇ ਪਦਾਰਥ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

ਮੋਗਾ (ਆਜ਼ਾਦ) : ਥਾਣਾ ਹਠੂਰ ਅਧੀਨ ਪੈਂਦੇ ਪਿੰਡ ਨਾਰਾਇਣਗੜ੍ਹ ਸੋਈਆਂ ਦੇ ਰਹਿਣ ਵਾਲੇ ਨੌਜਵਾਨ ਦਿਲਪ੍ਰੀਤ ਸਿੰਘ ਦੀ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦੀ ਓਵਰਡੋਜ਼ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਲਾਸ਼ ਬੱਧਨੀ ਕਲਾਂ ਤੋਂ ਕੁਝ ਦੂਰ ਪਿੰਡ ਰਾਮਾ ਅਤੇ ਹਠੂਰ ਦੇ ਵਿਚਕਾਰਲੇ ਰਸਤੇ ਤੋਂ ਬਰਾਮਦ ਹੋਈ। ਇਸ ਸਬੰਧੀ ਸੂਚਨਾ ਮਿਲਣ ’ਤੇ ਬੱਧਨੀ ਕਲਾਂ ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਕਲਾਂ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਦਾਦਾ ਦਰਸ਼ਨ ਸਿੰਘ (70) ਦੀ ਸ਼ਿਕਾਇਤ ਦੇ ਆਧਾਰ ’ਤੇ ਪਿੰਡ ਨਾਰਾਇਣਗੜ੍ਹ ਸੋਈਆਂ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਖ਼ਿਲਾਫ਼ ਜ਼ੀਰੋ ਐੱਫ. ਆਈ. ਆਰ. ਦਰਜ ਕਰ ਕੇ ਮਾਮਲਾ ਅਗਲੀ ਕਾਰਵਾਈ ਲਈ ਥਾਣਾ ਹਠੂਰ ਨੂੰ ਭੇਜ ਦਿੱਤਾ ਗਿਆ ਹੈ। ਦਰਸ਼ਨ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਦੋਸ਼ ਲਾਇਆ ਕਿ ਸੁਖਵਿੰਦਰ ਸਿੰਘ ਉਸ ਦੇ ਪੋਤੇ ਨੂੰ ਹਠੂਰ ਦੇ ਸ਼ਮਸ਼ਾਨਘਾਟ ਵਿਚ ਲੈ ਕੇ ਗਿਆ ਸੀ, ਜਿੱਥੇ ਉਸ ਨੇ ਕਥਿਤ ਤੌਰ ’ਤੇ ਉਸ ਨੂੰ ਕੋਈ ਨਸ਼ੀਲਾ ਪਦਾਰਥ ਸੇਵਨ ਕਰਵਾਇਆ।

ਉਨ੍ਹਾਂ ਨੂੰ ਜਦੋਂ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਦਿਲਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੈਡੀਕਲ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਇਸ ਮਾਮਲੇ ਦੀ ਅਗਲੀ ਜਾਂਚ ਅਤੇ ਕਾਰਵਾਈ ਥਾਣਾ ਹਠੂਰ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


author

Gurminder Singh

Content Editor

Related News