ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਕੀਤੀ ਖ਼ੁਦਕੁਸ਼ੀ
Sunday, Jul 26, 2026 - 05:01 PM (IST)
ਫਿਰੋਜ਼ਪੁਰ (ਸੰਨੀ ਚੋਪੜਾ) : ਫਿਰੋਜ਼ਪੁਰ ਦੇ ਪਿੰਡ ਹਰਗੋਬਿੰਦਪੁਰਾ 'ਚ ਬੈਂਕ ਦੇ ਕਰਜ਼ੇ ਤੋਂ ਤੰਗ ਆ ਕੇ ਇੱਕ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹਰਗੋਬਿੰਦਪੁਰਾ ਦੇ ਕਿਸਾਨ ਬਗੀਚਾ ਸਿੰਘ ਨੇ 5 ਲੱਖ ਦੇ ਕਰੀਬ ਬੈਂਕ ਤੋਂ ਕਰਜ਼ਾ ਲਿਆ ਹੋਇਆ ਸੀ। ਪਰਿਵਾਰ ਨੇ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਦੀ ਫ਼ਸਲ ਹੜ੍ਹ ਦੀ ਲਪੇਟ 'ਚ ਆਉਣ ਕਾਰਨ ਉਹ ਬੈਂਕ ਦਾ ਕਰਜ਼ਾ ਨਹੀਂ ਮੋੜ ਪਾਏ ਸੀ।
ਇਸ ਕਾਰਨ ਬੈਂਕ ਉਨ੍ਹਾਂ ਨੂੰ ਲਗਾਤਾਰ ਤੰਗ-ਪਰੇਸ਼ਾਨ ਕਰ ਰਿਹਾ ਸੀ ਅਤੇ ਉਨ੍ਹਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਧਮਕੀ ਦੇ ਰਿਹਾ ਸੀ। ਪਿੰਡ ਦੇ ਮੋਹਤਬਰ ਲੋਕਾਂ ਵੱਲੋਂ ਵੀ ਬੈਂਕ ਨਾਲ ਗੱਲਬਾਤ ਕੀਤੀ ਗਈ ਕਿ ਬਗੀਚਾ ਸਿੰਘ ਬਹੁਤ ਗਰੀਬ ਕਿਸਾਨ ਹੈ ਪਰ ਬੈਂਕ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇਸ ਤੋਂ ਤੰਗ ਆ ਕੇ ਉਨ੍ਹਾਂ ਦੇ ਪਿਤਾ ਨੇ ਇੱਕ ਖ਼ੁਦਕੁਸ਼ੀ ਨੋਟ ਲਿਖ ਕੇ ਕੋਈ ਜ਼ਹਿਰੀਲੀ ਵਸਤੂ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਪਿਤਾ ਦੀ ਤਾਂ ਮੌਤ ਹੋ ਚੁੱਕੀ ਹੈ ਪਰ ਜੇਕਰ ਬੈਂਕ ਨੇ ਉਨ੍ਹਾਂ ਨੂੰ ਵੀ ਤੰਗ-ਪਰੇਸ਼ਾਨ ਕੀਤਾ ਤਾਂ ਉਨ੍ਹਾਂ ਨੂੰ ਵੀ ਇਹੀ ਰਸਤਾ ਚੁਣਨਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਜੋ ਵੀ ਉਨ੍ਹਾਂ ਦਾ ਕਰਜ਼ਾ ਹੈ, ਉਸ ਨੂੰ ਮੁਆਫ਼ ਕੀਤਾ ਜਾਵੇ। ਦੂਸਰੇ ਪਾਸੇ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਾਂਚ ਕਰ ਰਹੀ ਹੈ।
