ਲਿਫ਼ਟ ਦੇ ਕੇ ਕਾਰ ''ਚ ਕੀਤਾ ਅਗਵਾ, ਕੁੱਟਮਾਰ ਮਗਰੋਂ ਡੰਡ-ਬੈਠਕਾਂ ਲਵਾ ਕੇ ਵਾਇਰਲ ਕੀਤੀ ਵੀਡੀਓ
Tuesday, Jul 28, 2026 - 07:11 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਪਿੰਡ ਧਿਗਾਣਾ ਦੇ ਰਸਤੇ 'ਤੇ ਇਕ ਨੌਜਵਾਨ ਨੂੰ ਬਹਾਨੇ ਨਾਲ ਬੁਲਾ ਕੇ ਅਗਵਾ ਕਰਨ, ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਬਾਅਦ ਵਿੱਚ ਡੰਡ-ਬੈਠਕਾਂ ਲਵਾ ਕੇ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ 5 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਗੁਰਪਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਪਿੰਡ ਭੰਗਚੜ੍ਹੀ ਨੇ ਦੱਸਿਆ ਕਿ ਉਸ ਨੂੰ ਅਰਪਿਤ ਸਿੰਘ ਵਾਸੀ ਦੂਹੇਵਾਲਾ ਦਾ ਫੋਨ ਆਇਆ ਸੀ। ਅਰਪਿਤ ਨੇ ਕਿਹਾ ਕਿ ਉਹ ਉਸ ਦੇ ਪਿੰਡ ਆਇਆ ਹੋਇਆ ਹੈ ਅਤੇ ਉਸ ਦੇ ਮੋਟਰਸਾਈਕਲ ਦਾ ਪੈਟਰੋਲ ਖ਼ਤਮ ਹੋ ਗਿਆ ਹੈ, ਇਸ ਲਈ ਉਹ ਧਿਗਾਣੇ ਵਾਲੇ ਰਸਤੇ 'ਤੇ ਪੈਟਰੋਲ ਲੈ ਕੇ ਪਹੁੰਚੇ।
ਮੁੱਦਈ ਅਨੁਸਾਰ ਜਦੋਂ ਉਹ ਮੌਕੇ 'ਤੇ ਪਹੁੰਚਿਆ ਤਾਂ ਉੱਥੇ ਮੌਜੂਦ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਧਿਗਾਣਾ ਵੱਲ ਲੈ ਗਏ। ਕੁਝ ਦੂਰੀ 'ਤੇ ਜਾ ਕੇ ਗੱਡੀ ਰੋਕ ਕੇ ਮੁਲਜ਼ਮਾਂ ਨੇ ਕਾਰ ਦੇ ਅੰਦਰ ਹੀ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਕਾਰ ਤੋਂ ਬਾਹਰ ਕੱਢ ਕੇ ਜ਼ਬਰਦਸਤੀ ਡੰਡ-ਬੈਠਕਾਂ ਕਢਵਾਈਆਂ ਗਈਆਂ।
ਇਸ ਦੌਰਾਨ ਮੁਲਜ਼ਮ ਸੁਖਚੈਨ ਸਿੰਘ ਨੇ ਆਪਣੇ ਮੋਬਾਈਲ ਫੋਨ ਨਾਲ ਇਸ ਪੂਰੀ ਘਟਨਾ ਦੀ ਵੀਡੀਓ ਬਣਾ ਲਈ। ਕੁਝ ਦਿਨਾਂ ਬਾਅਦ ਸੁਖਚੈਨ ਸਿੰਘ ਨੇ ਉਹ ਵੀਡੀਓ ਪਿੰਡ ਦੇ ਇੱਕ ਵਟਸਐਪ ਗਰੁੱਪ ਵਿੱਚ ਵਾਇਰਲ ਕਰ ਦਿੱਤੀ। ਪੁਲਸ ਨੇ ਗੁਰਪਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਰਪਿਤ ਸਿੰਘ ਪੁੱਤਰ ਗਮਦੂਰ ਸਿੰਘ ਉਰਫ਼ ਕਾਲਾ ਸਿੰਘ, ਸੁਖਚੈਨ ਸਿੰਘ ਪੁੱਤਰ ਭੋਲਾ ਸਿੰਘ , ਸੰਦੀਪ ਸਿੰਘ ਪੁੱਤਰ ਕੁਲਦੀਪ ਸਿੰਘ, ਹਰਨੂਰ ਸਿੰਘ ਪੁੱਤਰ ਪਰਵਿੰਦਰ ਸਿੰਘ,ਏਕਮ ਸਿੰਘ ਨਾਮਾਲੂਮ (ਸਾਰੇ ਵਾਸੀ ਦੂਹੇਵਾਲਾ) ਖ਼ਿਲਾਫ਼ ਭਾਰਤੀ ਨਿਆਇ ਸੰਹਿਤਾ ਦੀਆਂ ਧਾਰਾਵਾਂ 126(2), 127(2), 115(2) ਅਤੇ 190 ਤਹਿਤ ਕੇਸ ਦਰਜ ਕਰ ਲਿਆ ਹੈ:
ਮਾਮਲੇ ਦੀ ਅਗਲੇਰੀ ਤਫ਼ਤੀਸ਼ ਏ.ਐੱਸ.ਆਈ. ਬਲਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
