ਠੰਡ ’ਚ ਬੰਦ ਕਮਰਿਆਂ ’ਚ ਅੱਗ ਦਾ ਨਿੱਘ ਲੈਣਾ ਸਾਬਿਤ ਹੋ ਸਕਦੈ ਜਾਨਲੇਵਾ
Friday, Jan 02, 2026 - 05:12 PM (IST)
ਤਲਵੰਡੀ ਭਾਈ (ਪਾਲ) : ਅੱਜ-ਕੱਲ੍ਹ ਕੜਾਕੇ ਦੀ ਪੈ ਰਹੀ ਠੰਡ 'ਚ ਹਰ ਵਿਅਕਤੀ ਠੰਡ ਤੋਂ ਬਚਣ ਲਈ ਅੱਗ ਦਾ ਨਿੱਘ ਮਾਨਣ ਲਈ ਤਰ੍ਹਾਂ-ਤਰ੍ਹਾਂ ਦੇ ਉਪਰਾਲੇ ਕਰਦਾ ਨਜ਼ਰੀ ਆਉਂਦਾ ਹੈ। ਕਈ ਅਣਭੋਲ ਤੇ ਮਾਸੂਮ ਲੋਕ ਰਾਤ ਨੂੰ ਠੰਡ ਤੋਂ ਬਚਣ ਲਈ ਆਪਣੇ ਸੌਣ ਵਾਲੇ ਕਮਰੇ ਵਿਚ ਹੀ ਲੱਕੜਾਂ ਜਾਂ ਕੋਲੇ ਵਾਲੀ ਅੰਗੀਠੀ ਬਾਲ ਕੇ ਕਮਰੇ ਦੀਆਂ ਬੂਹੇ-ਬਾਰੀਆਂ ਪੂਰੀ ਤਰ੍ਹਾਂ ਬੰਦ ਕਰ ਲੈਂਦੇ ਹਨ। ਇਹ ਹਰ ਇਨਸਾਨ ਦੀ ਸਿਹਤ ਅਤੇ ਉਸ ਦੀ ਜ਼ਿੰਦਗੀ ਲਈ ਬਹੁਤ ਹੀ ਹਾਨੀਕਾਰਕ ਸਾਬਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਬੰਦ ਕਮਰੇ ’ਚ ਬਲਣ ਵਾਲੀ ਅੰਗੀਠੀ ਜਾਂ ਅੱਗ ਵਿਚੋਂ ਕਾਰਬਨ ਮੋਨੋਆਕਸਾਈਡ ਜ਼ਹਿਰੀਲੀ ਗੈਸ ਬਣਨੀ ਸ਼ੁਰੂ ਹੋ ਜਾਂਦੀ ਹੈ ਅਤੇ ਕਮਰੇ ਦੇ ਅੰਦਰੋਂ ਹੌਲੀ-ਹੌਲੀ ਆਕਸੀਜਨ ਦੀ ਕਮੀ ਹੋ ਜਾਂਦੀ ਹੈ।
ਇਸ ਕਾਰਨ ਅੰਦਰ ਸੌਂ ਰਹੇ ਹਰ ਵਿਅਕਤੀ ਦਾ ਸਾਹ ਘੁੱਟ ਜਾਂਦਾ ਹੈ ਅਤੇ ਉਹ ਅੰਦਰ ਸੁੱਤੇ ਹੀ ਰਹਿ ਜਾਂਦੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਸਬੰਧੀ ਡਾ. ਹਰਜਿੰਦਰ ਸਿੰਘ ਸਿੱਧੂ, ਡਾ. ਕਿਰਨਜੋਤ ਸਿੰਘ ਸੋਢੀ, ਡਾ. ਵੀ. ਪੀ. ਚਾਵਲਾ, ਡਾ. ਓਮ ਪ੍ਰਕਾਸ਼ ਸੇਠੀ, ਡਾ. ਜਗਤਾਰ ਸਿੰਘ ਕਰੀਰ, ਡਾ. ਰਵੀਦਾਸ ਨਰੂਲਾ ਤੇ ਡਾ. ਗੁਰਭਾਗ ਸਿੰਘ ਸਿੱਧੂ ਸਮੇਤ ਹੋਰ ਵੀ ਸਿਹਤ ਮਾਹਰਾਂ ਨੇ ਕਿਹਾ ਕਿ ਬੇਸ਼ੱਕ ਕਿੰਨੀ ਵੀ ਠੰਡ ਕਿਉਂ ਨਾ ਪੈ ਰਹੀ ਹੋਵੇ, ਕਿਸੇ ਵੀ ਵਿਅਕਤੀ ਨੂੰ ਬੰਦ ਕਮਰੇ ’ਚ ਅੰਗੀਠੀ, ਚੁੱਲ੍ਹਾ ਜਾਂ ਲੱਕੜਾਂ ਵਗੈਰਾ ਦੀ ਅੱਗ ਬਾਲ ਕੇ ਨਹੀਂ ਬੈਠਣਾ ਜਾਂ ਸੌਣਾ ਚਾਹੀਦਾ ਕਿਉਂਕਿ ਇਸ ਕਾਰਨ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਤੋਂ ਪੂਰੀ ਤਰ੍ਹਾਂ ਅਣਜਾਣ ਵਿਅਕਤੀਆਂ ਵੱਲੋਂ ਠੰਡ ਤੋਂ ਬਚਣ ਲਈ ਕੀਤਾ ਜਾਣ ਵਾਲਾ ਇਹ ਖ਼ਤਰਨਾਕ ਵਰਤਾਰਾ ਹੁਣ ਤੱਕ ਅਨੇਕਾਂ ਪਰਿਵਾਰਾਂ ਸਮੇਤ ਅਣਗਿਣਤ ਲੋਕਾਂ ਨੂੰ ਸਦਾ ਲਈ ਮੌਤ ਦੀ ਨੀਂਦ ਗੁਆ ਚੁੱਕਾ ਹੈ। ਇਸ ਲਈ ਬੰਦ ਕਮਰੇ ਵਿਚ ਅੱਗ ਸੇਕਣ ਤੋਂ ਬਚਣਾ ਚਾਹੀਦਾ ਹੈ।
