ਸ਼ਰਾਬ ਦਾ ਠੇਕਾ ਬੰਦ ਕਰਵਾਉਣ ਐੱਸ. ਡੀ. ਐੱਮ. ਦਫਤਰ ਅੱਗੇ ਨਾਅਰੇਬਾਜ਼ੀ
Wednesday, May 15, 2019 - 02:48 PM (IST)
ਭਵਾਨੀਗੜ੍ਹ (ਅੱਤਰੀ, ਸੋਢੀ) : ਪਿੰਡ ਮੁਨਸ਼ੀਵਾਲਾ ਵਿਖੇ ਸੰਘਣੀ ਆਬਾਦੀ ਵਿਚ ਖੋਲ੍ਹੇ ਸ਼ਰਾਬ ਦੇ ਠੇਕੇ ਦੇ ਵਿਰੋਧ 'ਚ ਨੌਜਵਾਨ ਭਾਰਤ ਸਭਾ (ਪੰਜਾਬ) ਦੀ ਅਗਵਾਈ ਹੇਠ ਅੱਜ ਇੱਥੇ ਐੱਸ. ਡੀ. ਐੱਮ. ਦਫਤਰ ਅੱਗੇ ਨਾਅਰੇਬਾਜ਼ੀ ਕੀਤੀ ਗਈ। ਨੌਜਵਾਨ ਭਾਰਤ ਸਭਾ ਪੰਜਾਬ ਦੇ ਆਗੂ ਪ੍ਰਗਟ ਕਾਲਾਝਾੜ ਅਤੇ ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਮਨਜੀਤ ਸਿੰਘ ਨਮੋਲ ਨੇ ਪਿੰਡ ਮੁਨਸ਼ੀਵਾਲਾ ਵਿਖੇ ਸੰਘਣੀ ਆਬਾਦੀ ਵਿਚ ਠੇਕੇਦਾਰ ਨੇ ਰਾਤੋ ਰਾਤ ਜ਼ਮੀਨ ਠੇਕੇ 'ਤੇ ਲੈਕੇ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਹੈ, ਜਿਸਦਾ ਨੌਜਵਾਨ ਭਾਰਤ ਸਭਾ (ਪੰਜਾਬ) ਦੀ ਅਗਵਾਈ ਹੇਠ ਪਿੰਡ ਵਾਸੀਆਂ ਵਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ, ਭਾਵੇਂ ਅਜੇ ਤੱਕ ਠੇਕਾ ਬੰਦ ਪਿਆ ਹੈ ਪਰੰਤੂ ਜਿੰਨ੍ਹਾਂ ਚਿਰ ਉਥੋਂ ਠੇਕਾ ਚੁੱਕਿਆ ਨਹੀਂ ਜਾਂਦਾ, ਉਦੋਂ ਤੱਕ ਲੋਕ ਚੁੱਪ ਨਹੀਂ ਬੈਠਣਗੇ।
ਪ੍ਰਗਟ ਸਿੰਘ ਕਾਲਾਝਾੜ ਨੇ ਦੱਸਿਆ ਕਿ ਠੇਕਾ ਖੋਲ੍ਹਣ ਨਾਲ ਉਥੋਂ ਦੀ ਲੰਘਣ ਵਾਲੀਆਂ ਔਰਤਾਂ ਅਤੇ ਲੜਕੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਐੱਸ. ਡੀ. ਐੱਮ. ਦੇ ਰੀਡਰ ਵਲੋਂ ਮੰਗ ਪੱਤਰ ਲੈ ਕੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਤੇ ਵਿਚਾਰ ਕੀਤਾ ਜਾਵੇਗਾ।