ਪਤੀ ਨੂੰ ਮੌਤ ਦੇ ਘਾਟ ਉਤਾਰਨ ਵਾਲੀ ਕਾਤਲ ਪਤਨੀ ਤੇ ਪ੍ਰੇਮੀ ਨੂੰ ਸਾਥੀਆਂ ਸਮੇਤ ਉਮਰ ਕੈਦ

Wednesday, May 25, 2016 - 12:29 PM (IST)

ਹੁਸ਼ਿਆਰਪੁਰ (ਜੈਨ)— ਮਾਣਯੋਗ ਵਧੀਕ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਕੋਕਿਲਾ ਵਿਹਾਰ ਹੁਸ਼ਿਆਰਪੁਰ ਵਾਸੀ ਸੁਰਿੰਦਰ ਪਾਲ ਪੁੱਤਰ ਰਾਮ ਪ੍ਰਕਾਸ਼ ਨੂੰ ਕਤਲ ਦੇ ਮਾਮਲੇ ''ਚ ਦੋਸ਼ੀ ਕਰਾਰ ਦਿੱਤੀ ਗਈ ਮ੍ਰਿਤਕ ਦੀ ਪਤਨੀ ਪ੍ਰਵੀਨ ਕੁਮਾਰੀ, ਉਸਦੇ ਪ੍ਰੇਮੀ ਨਸੀਬ ਕੁਮਾਰ ਅਤੇ ਬਿੱਲੂ ਪੁੱਤਰ ਸ਼ਸ਼ੀ ਕੁਮਾਰ ਤੇ 2 ਹੋਰ ਦੋਸ਼ੀਆਂ ਸ਼ਸ਼ੀ ਕੁਮਾਰ ਉਰਫ ਪੱਪੂ, ਬੰਤਾ ਰਾਮ ਤੇ ਰੋਹਿਤ ਕੁਮਾਰ ਉਰਫ ਕਾਲੂ ਪੁੱਤਰ ਸ਼ਸ਼ੀ ਕੁਮਾਰ ਸਾਰੇ ਵਾਸੀ ਕੋਟਲਾ ਗੌਂਸਪੁਰ ਨੂੰ ਧਾਰਾ 302 ਤਹਿਤ ਉਮਰ ਕੈਦ ਤੇ 20-20 ਹਜ਼ਾਰ ਰੁਪਏ ਦੀ ਸਜ਼ਾ ਦੇ ਆਦੇਸ਼ ਦਿੱਤੇ ਹਨ। ਜੁਰਮਾਨਾ ਅਦਾ ਨਾ ਕੀਤੇ ਜਾਣ ''ਤੇ 4-4 ਸਾਲ ਦੀ ਕੈਦ ਹੋਰ ਕੱਟਣੀ ਪਵੇਗੀ। ਅਦਾਲਤ ਦੇ ਹੁਕਮਾਂ ਮੁਤਾਬਕ ਜੁਰਮਾਨਾ ਰਾਸ਼ੀ ਵਿਚੋਂ 15-15 ਹਜ਼ਾਰ ਰੁਪਏ ਮ੍ਰਿਤਕ ਦੇ ਬੱਚਿਆਂ ਨੂੰ ਅਦਾ ਕੀਤੇ ਜਾਣਗੇ।
ਮ੍ਰਿਤਕ ਸੁਰਿੰਦਰ ਪਾਲ ਦੀ ਭੈਣ ਰਾਕੇਸ਼ ਕੁਮਾਰੀ ਪਤਨੀ ਹਰਮੇਸ਼ ਲਾਲ ਵਾਸੀ ਬੰਜਰ ਬਾਗ ਦੀ ਸ਼ਿਕਾਇਤ ''ਤੇ ਥਾਣਾ ਸਦਰ ਦੀ ਪੁਲਸ ਨੇ ਐੱਫ. ਆਈ. ਆਰ. ਨੰ. 53 ਤੇ ਆਈ. ਪੀ. ਸੀ. ਦੀ ਧਾਰਾ 302, 201, 34 ਤਹਿਤ 2 ਅਪ੍ਰੈਲ 2013 ਨੂੰ ਦੋਸ਼ੀਆਂ ਖਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਸੁਰਿੰਦਰ ਪਾਲ ਦੀ ਪਤਨੀ ਪ੍ਰਵੀਨ ਕੁਮਾਰੀ ਦੇ ਦੋਸ਼ੀ ਨਸੀਬ ਕੁਮਾਰ ਨਾਲ ਨਾਜਾਇਜ਼ ਸੰਬੰਧ ਸਨ। ਪ੍ਰਵੀਨ ਕੁਮਾਰੀ ਨੇ ਆਪਣੇ ਪ੍ਰੇਮੀ ਨਸੀਬ ਕੁਮਾਰ ਤੇ 2 ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਬੇਰਹਿਮੀ ਨਾਲ ਸੁਰਿੰਦਰ ਪਾਲ ਨੂੰ ਕਤਲ ਕਰ ਕੇ ਲਾਸ਼ ਨਹਿਰ ਦੇ ਕੋਲ ਸੁੱਟ ਦਿੱਤੀ ਸੀ। ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ''ਤੇ ਮਾਣਯੋਗ ਅਦਾਲਤ ਨੇ ਉਪਰੋਕਤ ਸਜ਼ਾ ਸੁਣਾਈ।


Gurminder Singh

Content Editor

Related News