ਪਤਨੀ ਨੇ ਘਰ ਜਾਣ ਤੋਂ ਕੀਤਾ ਇਨਕਾਰ, ਗੁੱਸੇ ’ਚ ਆਏ ਪਤੀ ਨੇ ਸਹੁਰੇ ਘਰ ਨੂੰ ਲਾਈ ਅੱਗ

Thursday, Jun 16, 2022 - 10:22 AM (IST)

ਖਰੜ (ਰਣਬੀਰ)- ਸੰਨੀ ਐਨਕਲੇਵ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ’ਤੇ ਆਪਣੇ ਸਹੁਰੇ ਘਰ ਨੂੰ ਅੱਗ ਲਗਾਉਣ ਦਾ ਦੋਸ਼ ਹੈ। ਪੁਲਸ ਵਲੋਂ ਹਿਰਾਸਤ ’ਚ ਲਏ ਮੁਲਜ਼ਮ ਨੂੰ ਅਦਾਲਤ ਦੇ ਹੁਕਮਾਂ ’ਤੇ 14 ਦਿਨਾਂ ਦੇ ਜੂਡੀਸ਼ੀਅਲ ਰਿਮਾਂਡ ’ਤੇ ਜੇਲ੍ਹ ਭੇਜਿਆ ਗਿਆ ਹੈ। ਮਾਮਲੇ ਦੇ ਤਫਤੀਸ਼ੀ ਕਰ ਰਹੇ ਅਫ਼ਸਰ ਏ. ਐੱਸ. ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਾਸੀ ਹਰਕੇਸ਼ ਨਾਂ ਦੇ ਨੌਜਵਾਨ ਦਾ ਮਹਿਕ ਨਗਰ ਖਰੜ ਦੀ ਰਹਿਣ ਵਾਲੀ ਇਕ ਕੁੜੀ ਨਾਲ ਵਿਆਹ ਹੋਇਆ ਸੀ।

ਉਕਤ ਵਿਅਕਤੀ ਆਪਣੀ ਘਰਵਾਲੀ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ, ਜਿਸ ਕਰਕੇ ਉਹ ਉਸ ਨੂੰ ਛੱਡ ਆਪਣੇ ਮਾਪਿਆਂ ਕੋਲ ਰਹਿਣ ਲੱਗ ਪਈ। ਇਸ ਦੇ ਬਾਵਜੂਦ ਉਸ ਦਾ ਘਰਵਾਲਾ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਅਤੇ ਉਸ ਨੂੰ ਉਥੇ ਵੀ ਤੰਗ ਕਰਦਾ ਰਿਹਾ। ਉਸ ਦੀਆਂ ਅਜਿਹੀਆਂ ਹਰਕਤਾਂ ਕਾਰਨ ਉਸ ਦੀ ਪਤਨੀ ਉਸ ਨਾਲ ਘਰ ਜਾਣ ਤੋਂ ਇਨਕਾਰ ਕਰਦੀ ਰਹੀ ਅਤੇ ਡਰ ਕੇ ਪੇਕੇ ਘਰ ਦੇ ਮੈਂਬਰਾਂ ਨਾਲ ਘਰ ਨੂੰ ਤਾਲਾ ਲਗਾ ਕਿਤੇ ਹੋਰ ਚਲੀ ਗਈ। 

ਅਧਿਕਾਰੀ ਨੇ ਦੱਸਿਆ ਕਿ ਜੁਲਾਈ 2021 ਵਿਚ ਹਰਕੇਸ਼ ਮੁੜ ਆਪਣੀ ਪਤਨੀ ਨੂੰ ਨਾਲ ਲੈ ਕੇ ਜਾਣ ਲਈ ਇਥੇ ਖਰੜ ਆਇਆ ਪਰ ਉਥੇ ਘਰ ਨੂੰ ਜਿੰਦਾ ਲੱਗਾ ਦੇਖ ਹਰਕੇਸ਼ ਨੇ ਗੁੱਸੇ ’ਚ ਸਹੁਰੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਕਾਰਨ ਘਰ ਦਾ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਇਸ ਘਟਨਾ ਬਾਰੇ ਪਤਾ ਲੱਗਦਿਆਂ ਕੁੜੀ ਅਤੇ ਉਸ ਦੇ ਮਾਪਿਆਂ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਉਹ ਲਗਾਤਾਰ ਪੁਲਸ ਦੀ ਪਕੜ ਤੋਂ ਬਾਹਰ ਚਲਦਾ ਆ ਰਿਹਾ ਸੀ, ਜੋ ਬੀਤੇ ਦਿਨ ਪੁਲਸ ਦੇ ਹੱਥੀਂ ਚੜ੍ਹ ਗਿਆ।


rajwinder kaur

Content Editor

Related News