ਚੰਡੀਗੜ੍ਹ ਪ੍ਰਸ਼ਾਸਨ ਦੇ ਦੋ ਨਾਰਮਲ ਬੱਚੇ ਕਿਉਂ ਰਹਿ ਰਹੇ ਹਨ ਮਾਨਸਿਕ ਤੌਰ ''ਤੇ ਅਸਮਰਥ ਲੋਕਾਂ ''ਚ?
Wednesday, Oct 25, 2017 - 07:22 AM (IST)
ਚੰਡੀਗੜ੍ਹ (ਅਰਚਨਾ) - ਚੰਡੀਗੜ੍ਹ ਪ੍ਰਸ਼ਾਸਨ ਦੇ ਦੋ ਬੱਚਿਆਂ ਦੇ ਪਾਲਣ-ਪੋਸ਼ਣ ਦੇ ਮਾਹੌਲ 'ਤੇ ਸਵਾਲ ਖੜ੍ਹੇ ਹੋ ਗਏ ਸਨ। ਪ੍ਰਸ਼ਾਸਨ ਦੇ ਇਹ ਬੱਚੇ ਪੂਰੀ ਤਰ੍ਹਾਂ ਨਾਲ ਆਮ ਹੋਣ ਦੇ ਬਾਵਜੂਦ ਮਾਨਸਿਕ ਤੌਰ 'ਤੇ ਅਸਮਰਥ ਔਰਤਾਂ ਤੇ ਹੋਰ ਵਿਸ਼ੇਸ਼ ਬੱਚਿਆਂ ਨਾਲ ਰਹਿ ਰਹੇ ਹਨ। 24/7 ਮਾਨਸਿਕ ਤੌਰ 'ਤੇ ਅਸਮਰਥ ਲੋਕਾਂ ਦੇ ਵਿਚ ਰਹਿਣਾ 8 ਤੋਂ 8.5 ਸਾਲ ਦੀ ਉਮਰ ਦੇ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਵਿਕਾਸ 'ਤੇ ਕੀ ਅਸਰ ਛੱਡੇਗਾ, ਇਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਬੇਚੈਨ ਹੋ ਗਏ ਹਨ। ਸੂਤਰਾਂ ਅਨੁਸਾਰ ਤਾਂ ਚਾਈਲਡ ਵੈੱਲਫੇਅਰ ਕਮੇਟੀ ਨੇ ਦੋਹਾਂ ਬੱਚਿਆਂ ਦੇ ਪਾਲਣ-ਪੋਸ਼ਣ ਅਜਿਹੇ ਮਾਹੌਲ 'ਚ ਕੀਤੇ ਜਾਣ 'ਤੇ ਸਰਕਾਰੀ ਰਿਹੈਬਲੀਟੇਸ਼ਨ ਇੰਸਟੀਚਿਊਟ ਫਾਰ ਇੰਟੈਲੈਕਚੂਅਲ ਡਿਸਅਬਿਲਟੀ (ਗਰਿਡ) ਦੇ ਡਾਇਰੈਕਟਰ ਤੋਂ ਪੁੱਛਿਆ ਹੈ ਕਿ ਬੱਚੇ ਇਸ ਮਾਹੌਲ 'ਚ ਕਿਉਂ ਰੱਖੇ ਗਏ ਹਨ। ਕਮੇਟੀ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੇ ਪੜ੍ਹਾਈ, ਪਾਲਣ-ਪੋਸ਼ਣ 'ਚ ਕਿਸੇ ਤਰ੍ਹਾਂ ਦੀ ਕੋਤਾਹੀ ਨਹੀਂ ਵਰਤੀ ਜਾ ਰਹੀ ਹੈ। ਬੱਚੇ ਚੰਗੇ ਨਾਮੀ ਸਕੂਲ 'ਚ ਪੜ੍ਹ ਰਹੇ ਹਨ, ਬੱਚਿਆਂ ਨੂੰ ਟਿਊਟਰ ਪੜ੍ਹਾ ਰਹੇ ਹਨ ਤੇ ਮਿਊਜ਼ਿਕ ਟੀਚਰ ਸੰਗੀਤ ਤੇ ਡਾਂਸ 'ਚ ਨਿਪੁੰਨ ਕਰ ਰਹੇ ਹਨ, ਬੱਚਿਆਂ ਨੂੰ ਬਾਹਰ ਖੇਡਣ ਦੀ ਸੁਵਿਧਾ ਵੀ ਹੈ ਪਰ ਸਿਰਫ ਇਕ ਚੀਜ਼ ਬੱਚਿਆਂ ਦੇ ਦਿਮਾਗ 'ਤੇ ਨਕਾਰਾਤਮਕ ਪ੍ਰਭਾਵ ਛੱਡ ਸਕਦੀ ਹੈ, ਉਹ ਹੈ ਮਾਹੌਲ। ਬੱਚਿਆਂ ਨੂੰ ਮਾਂ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕੀਤਾ ਜਾਣਾ ਚਾਹੀਦਾ ਹੈ ਪਰ ਬੱਚਿਆਂ ਲਈ ਅਜਿਹੀ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਬੱਚੇ ਅਜਿਹੇ ਮਾਹੌਲ ਤੋਂ ਵੀ ਦੂਰ ਹੋ ਜਾਣ ਤੇ ਉਨ੍ਹਾਂ ਨੂੰ ਮਾਂ ਤੋਂ ਵੀ ਅਲੱਗ ਨਾ ਹੋਣਾ ਪਵੇ। ਕਮੇਟੀ ਨੇ ਹਾਲ ਹੀ 'ਚ ਪ੍ਰਸ਼ਾਸਨ ਦੇ ਹੋਮ ਆਸ਼ਰਮ ਦਾ ਦੌਰਾ ਕੀਤਾ ਸੀ, ਜਿਸ 'ਚ ਕਮੇਟੀ ਨੇ ਬੱਚਿਆਂ ਦੇ ਮਾਹੌਲ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਕਮੇਟੀ ਦੇ ਸਵਾਲ ਕੀਤੇ ਜਾਣ ਤੋਂ ਬਾਅਦ ਗਰਿਡ ਦੇ ਡਾਇਰੈਕਟਰ ਪ੍ਰੋ. ਬੀ. ਐੱਸ. ਵਚਨ ਦਾ ਕਹਿਣਾ ਹੈ ਕਿ ਬੱਚਿਆਂ ਦੀ ਉਮਰ ਛੋਟੀ ਹੈ ਤੇ ਉਨ੍ਹਾਂ ਨੂੰ ਲਗਦਾ ਹੈ ਕਿ ਬੱਚਿਆਂ ਨੂੰ 2-3 ਸਾਲ ਤਾਂ ਮਾਂ ਦੇ ਨਾਲ ਹੀ ਰੱਖੇ ਜਾਣਾ ਜ਼ਰੂਰੀ ਹੈ।
ਇਹ ਹੈ ਬੱਚਿਆਂ ਦੇ ਨਾਲ ਜੁੜਿਆ ਇਤਿਹਾਸ
ਦੋ ਆਮ ਬੱਚਿਆਂ ਨੂੰ ਜਬਰ-ਜ਼ਨਾਹ ਪੀੜਤ ਮਾਵਾਂ ਨੇ ਜਨਮ ਦਿੱਤਾ ਸੀ। ਨਾਰੀ ਨਿਕੇਤਨ ਦੇ ਹੀ ਸਟਾਫ ਦੇ ਜਬਰ-ਜ਼ਨਾਹ ਦਾ ਸ਼ਿਕਾਰ ਹੋਣ ਤੋਂ ਬਾਅਦ ਇਕ ਬੱਚੀ ਦਾ ਜਨਮ ਦਸੰਬਰ 2009 'ਚ ਹੋਇਆ ਸੀ, ਜਦੋਂਕਿ ਦੂਜੇ ਬੱਚੇ ਦਾ ਜਨਮ ਉਸ ਤੋਂ ਬਾਅਦ ਦੂਜੀ ਜਬਰ-ਜ਼ਨਾਹ ਪੀੜਤ ਮਾਂ ਤੋਂ ਹੋਇਆ ਸੀ। ਦੋਵੇਂ ਮਾਵਾਂ ਮਾਨਸਿਕ ਤੌਰ 'ਤੇ ਠੀਕ ਨਹੀਂ ਹਨ। ਬੱਚੀ ਨੂੰ ਜਨਮ ਦੇਣ ਵਾਲੀ ਮਾਂ ਦਾ ਗਰਭ ਅਵਸਥਾ 'ਚ ਇਲਾਜ ਕਰਨ ਬਾਬਤ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਸੀ ਤੇ ਕਿਹਾ ਸੀ ਕਿ ਔਰਤ ਲਈ ਬੱਚਾ ਇਕ ਖਿਡੌਣੇ ਵਾਂਗ ਹੋਵੇਗਾ ਤੇ ਉਹ ਉਸਦਾ ਪਾਲਣ-ਪੋਸ਼ਣ ਨਹੀਂ ਕਰ ਸਕੇਗੀ ਪਰ ਸੁਪਰੀਮ ਕੋਰਟ ਨੇ ਮਾਂ ਦੀ ਅਪੀਲ 'ਤੇ ਗਰਭ ਅਵਸਥਾ ਜਾਰੀ ਰੱਖਣ ਲਈ ਕਿਹਾ ਸੀ।
ਚੰਡੀਗੜ੍ਹ ਪ੍ਰਸ਼ਾਸਨ ਦੇ ਹਨ 230 ਬੱਚੇ
ਚੰਡੀਗੜ੍ਹ ਪ੍ਰਸ਼ਾਸਨ ਮੌਜੂਦਾ ਸਮੇਂ 'ਚ ਲਗਭਗ ਬੱਚਿਆਂ ਦੀ ਦੇਖਭਾਲ ਕਰ ਰਿਹਾ ਹੈ। ਇਨ੍ਹਾਂ 'ਚੋਂ 4 ਅਜਿਹੇ ਬੱਚੇ ਹਨ ਜਿਨ੍ਹਾਂ ਨੂੰ ਪ੍ਰਸ਼ਾਸਨ ਅਦਾਲਤ ਦੇ ਹੁਕਮਾਂ ਤੋਂ ਬਾਅਦ ਆਪਣੇ ਹੀ ਬੱਚਿਆਂ ਦੀ ਤਰ੍ਹਾਂ ਪਾਲ ਰਿਹਾ ਹੈ। ਇਨ੍ਹਾਂ ਨੂੰ ਸਨੇਹਾਲਿਆ, ਆਸ਼ਿਆਨਾ, ਆਸ਼ਰਮ, ਜਸਟਿਸ ਜੁਵੇਨਾਈਲ ਹੋਮ 'ਚ ਰੱਖਿਆ ਹੋਇਆ ਹੈ। ਦੋ ਬੱਚੇ ਪ੍ਰਸ਼ਾਸਨ ਲਈ ਸਭ ਤੋਂ ਖਾਸ ਹਨ। ਦੋਨਾਂ ਬੱਚਿਆਂ ਦੀ ਪੜ੍ਹਾਈ ਚੰਡੀਗੜ੍ਹ ਦੇ ਮੰਨੇ-ਪ੍ਰਮੰਨੇ ਕਾਨਵੈਂਟ ਸਕੂਲ 'ਚ ਹੋ ਰਹੀ ਹੈ। ਬੱਚਿਆਂ ਨੂੰ ਟਿਊਸ਼ਨ ਹੋਮ 'ਚ ਹੀ ਮਿਲ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਮਿਊਜ਼ਿਕ 'ਚ ਵੀ ਨਿਪੁੰਨ ਕੀਤਾ ਜਾ ਰਿਹਾ ਹੈ। ਬੱਚੇ ਹਰ ਹਫਤੇ ਹੋਮ ਤੋਂ ਬਾਹਰ ਘੁੰਮਣ ਲਈ ਵੀ ਨਿਕਲਦੇ ਹਨ। ਉਨ੍ਹਾਂ ਨੂੰ ਇੰਨੀ ਆਜ਼ਾਦੀ ਵੀ ਹੈ ਕਿ ਉਹ ਸ਼ਾਮ ਨੂੰ ਸੈਕਟਰ ਦੇ ਹੋਰ ਬੱਚਿਆਂ ਦੇ ਨਾਲ ਪਾਰਕ 'ਚ ਵੀ ਖੇਡਦੇ ਹਨ। ਬੱਚੀ ਦੀ ਮਾਂ ਦੀ ਬੌਧਿਕ ਸਮਰਥਾ ਬੱਚੇ ਦੀ ਮਾਂ ਤੋਂ ਕੁਝ ਜ਼ਿਆਦਾ ਹੈ, ਇਸ ਲਈ ਉਹ ਆਸ਼ਰਮ 'ਚ ਕੁੱਕ ਦੀ ਨੌਕਰੀ ਕਰਦੇ ਹੋਏ ਆਪਣੀ ਬੱਚੀ ਤੇ ਦੂਜੇ ਬੱਚੇ ਦੀ ਵੀ ਦੇਖਭਾਲ ਕਰ ਰਹੀ ਹੈ ਪਰ ਕਮੇਟੀ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਬੱਚਿਆਂ ਦੇ ਦਿਮਾਗ ਨੂੰ ਆਸ਼ਰਮ ਦਾ ਮਾਹੌਲ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਬੱਚੇ ਨੇ ਹੋਮ ਦੀਆਂ ਹੋਰ ਅਸਮਰਥ ਔਰਤਾਂ ਦੇ ਮੂੰਹ 'ਚੋਂ ਨਿਕਲਣ ਵਾਲੀਆਂ ਗਾਲ੍ਹਾਂ ਸਿੱਖ ਲਈਆਂ ਹਨ। ਬੱਚੇ ਅਸਮਰਥ ਲੋਕਾਂ ਦੀ ਨਕਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਦੀ ਤਰ੍ਹਾਂ ਹਰਕਤਾਂ ਕਰਨ 'ਚ ਖੁਸ਼ੀ ਮਹਿਸੂਸ ਕਰਦੇ ਹਨ। ਅਜਿਹੇ ਬੱਚਿਆਂ ਦੇ ਦਿਮਾਗ 'ਤੇ ਭਾਵੀ ਜੀਵਨ 'ਚ ਕੀ ਅਸਰ ਹੋਵੇਗਾ, ਇਸ ਨੂੰ ਲੈ ਕੇ ਮੁਲਾਂਕਣ ਸ਼ੁਰੂ ਹੋ ਗਿਆ ਹੈ।
